ਦਿੱਲੀ ’ਚ ਧੂੜ ਭਰੇ ਝੱਖੜ ਤੇ ਮੀਂਹ ਨਾਲ ਮੌਸਮ ਦਾ ਮਿਜ਼ਾਜ ਬਦਲਿਆ, ਮੌਸਮ ਵਿਭਾਗ ਵੱਲੋਂ ਸੰਤਰੀ ਅਲਰਟ ਜਾਰੀ
ਨਵੀਂ ਦਿੱਲੀ, 11 ਅਪਰੈਲ
ਕੌਮੀ ਰਾਜਧਾਨੀ ਵਿਚ ਸ਼ੁੱਕਰਵਾਰ ਸ਼ਾਮੀਂ ਇਕਦਮ ਮੌਸਮ ਬਦਲਣ ਮਗਰੋਂ ਚੱਲੇ ਧੂੜ ਭਰੇ ਝੱਖੜ ਤੇ ਹਨੇਰੀ ਮਗਰੋਂ ਮੌਸਮ ਵਿਭਾਗ ਨੇ ਦਿੱਲੀ-ਐੱਨਸੀਆਰ ਵਿਚ ਸੰਤਰੀ ਅਲਰਟ ਦੀ ਚੇਤਾਵਨੀ ਜਾਰੀ ਕੀਤੀ ਹੈ।
ਫਿਰੋਜ਼ ਸ਼ਾਹ ਰੋਡ, ਅਸ਼ੋਕਾ ਰੋਡ, ਮੰਡੀ ਹਾਊਸ ਤੇ ਕਨਾਟ ਪਲੇਸ ਸਣੇ ਕਈ ਥਾਵਾਂ ’ਤੇ ਰੁੱਖ ਜੜ੍ਹਾਂ ਤੋਂ ਉੱਖੜ ਗਏ ਜਿਸ ਕਰਕੇ ਆਵਾਜਾਈ ਵਿਚ ਵੱਡਾ ਵਿਘਨ ਪਿਆ। ਹਨੇਰੀ ਕਰਕੇ ਬਿਜਲੀ ਦੀਆਂ ’ਤੇ ਰੁੱਖ ਡਿੱਗਣ ਨਾਲ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਆਈਟੀਓ ਵਿਚ ਇਕ ਬਿਜਲੀ ਦਾ ਖੰਭਾ ਡਿੱਗ ਗਿਆ।
ਮੌਸਮ ਵਿਭਾਗ ਮੁਤਾਬਕ ਧੂੜ ਭਰੇ ਝੱਖੜ ਤੇ ਹਨੇਰੀ ਮਗਰੋਂ ਹਲਕਾ ਤੇ ਦਰਮਿਆਨ ਮੀਂਹ ਪਿਆ। ਵਿਭਾਗ ਨੇ 40 ਤੋਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ।
ਵਿਭਾਗ ਨੇ ਕਿਹਾ ਕਿ ਹਵਾ ਦੀ ਰਫ਼ਤਾਰ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਆਈਜੀਆਈ ਹਵਾਈ ਅੱਡੇ ’ਤੇ 74 ਕਿਲੋਮੀਟਰ ਪ੍ਰਤੀ ਘੰਟਾ, ਪ੍ਰਗਤੀ ਮੈਦਾਨ ਵਿੱਚ 70 ਕਿਲੋਮੀਟਰ ਪ੍ਰਤੀ ਘੰਟਾ ਅਤੇ ਲੋਧੀ ਰੋਡ ’ਤੇ 69 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਨਜਫਗੜ੍ਹ ਵਿੱਚ ਹਵਾ ਦੀ ਰਫ਼ਤਾਰ 37 ਕਿਲੋਮੀਟਰ ਪ੍ਰਤੀ ਘੰਟਾ ਤੋਂ ਲੈ ਕੇ ਸਫਦਰਜੰਗ ਵਿੱਚ 56 ਕਿਲੋਮੀਟਰ ਪ੍ਰਤੀ ਘੰਟਾ ਤੱਕ ਸੀ।
ਵਿਭਾਗ ਨੇ ਕਿਹਾ ਕਿ ਤੇਜ਼ੀ ਹਨੇਰੀ ਨਾਲ ਬਾਗ਼ਬਾਨੀ ਤੇ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਿਭਾਗ ਨੇ ਲੋਕਾਂ ਨੂੰ ਆਪਣੇ ਪਸ਼ੂ ਸਾਂਭਣ ਤੇ ਖੁੱਲ੍ਹੇ ਵਿਚ ਨਾ ਬੰਨਣ ਦੀ ਸਲਾਹ ਦਿੱਤੀ ਹੈ। ਵਿਭਾਗ ਨੇੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਤੇ ਬੇਲੋੜੀ ਯਾਤਰਾ ਤੋਂ ਬਚਣ ਲਈ ਕਿਹਾ ਹੈ।
ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 0.3 ਦਰਜੇ ਘੱਟ ਸੀ। ਘੱਟੋ ਘੱਟ ਤਾਪਮਾਨ 22.8 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ 1.8 ਦਰਜੇ ਵਧ ਸੀ। ਮੌਸਮ ਵਿਭਾਗ ਨੇ ਸ਼ਨਿੱਚਰਵਾਰ ਨੂੰ ਗਰਜ ਨਾਲ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ