ਮਾਈਨਰ ਵਿਚ ਪਾੜ ਪੈਣ ਕਾਰਨ 300 ਏਕੜ ਤੋਂ ਵੱਧ ਰਕਬਾ ਪਾਣੀ ਦੀ ਮਾਰ ਹੇਠ ਆਇਆ
ਅਬੋਹਰ, 06 ਮਈ
ਸੋਮਵਾਰ ਰਾਤ ਨੂੰ ਅਬੋਹਰ ਤੋਂ 31 ਕਿਲੋਮੀਟਰ ਦੂਰ ਬਾਜੀਤਪੁਰ ਭੋਮਾ ਪਿੰਡ ਨੇੜੇ ਲੰਬੀ ਮਾਈਨਰ ਵਿਚ ਪਾੜ ਪੈਣ ਕਾਰਨ 200 ਏਕੜ ਤੋਂ ਵੱਧ ਖੇਤੀਯੋਗ ਰਕਬਾ ਪਾਣੀ ਦੀ ਮਾਰ ਹੇਠ ਆ ਗਿਆ। ਗ਼ੌਰਤਲਬ ਹੈ ਕਿ ਇਹ ਤਿੰਨ ਦਿਨਾਂ ਵਿਚ ਦੂਜੀ ਅਜਿਹੀ ਘਟਨਾ ਹੈ। ਇਸ ਨਾਲ ਨਹਿਰ ਦੀ ਸਥਿਤੀ ਅਤੇ ਸਿੰਚਾਈ ਅਧਿਕਾਰੀਆਂ ਵੱਲੋਂ ਕੀਤੇ ਪ੍ਰਬੰਧਨ ਬਾਰੇ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ।
ਅਬੋਹਰ ਨੇੜੇ ਲੰਬੀ ਮਾਈਨਰ ਵਿਚ ਬੀਤੀ ਰਾਤ ਮੁੜ ਪਾੜ ਪੈ ਗਿਆ, ਜਦੋਂ ਕਿ ਪਹਿਲਾਂ ਪਏ ਪਾੜ ਦੀ ਸ਼ਨਿਚਰਵਾਰ ਸ਼ਾਮ ਨੂੰ ਮੁਰੰਮਤ ਕੀਤੀ ਗਈ ਸੀ। ਕਿਸਾਨਾਂ ਅਨੁਸਾਰ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਕਥਿਤ ਤੌਰ ’ਤੇ ਟੇਲਾਂ ਤੱਕ ਪਾਣੀ ਪਹੁਚਾਉਣ ਲਈ ਜਿਆਦਾ ਪਾਣੀ ਛੱਡ ਦਿੱਤਾ, ਜਿਸ ਦੇ ਦਬਾਅ ਕਾਰਨ ਪਾੜ ਪਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪਏ ਪਾੜ ਕਾਰਨ ਕਿਸਾਨਾਂ ਦੀ ਲਗਭਗ 100 ਏਕੜ ਡੁੱਬ ਗਈ ਸੀ।
ਹਾਲਾਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਸੋਮਵਾਰ ਦੇਰ ਰਾਤ ਨੂੰ ਸਮੇਂ ਤੋਂ ਪਹਿਲਾਂ ਪਾਣੀ ਛੱਡਿਆ, ਜਿਸ ਕਾਰਨ ਮੁਰੰਮਤ ਕੀਤੇ ਗਏ ਹਿੱਸੇ ਵਿਚ ਮੁੜ ਤੋਂ ਪਾੜ ਪਿਆ ਹੈ। ਇਸ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਪਰ ਅਧਿਕਾਰੀਆਂ ਨੇ ਇਸ ਮਾਮਲੇ ’ਤੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਕਿਸਾਨ ਸੁਖਵਿੰਦਰ ਸਿੰਘ ਭੋਮਾ ਅਤੇ ਹੋਰਾਂ ਨੇ ਨਿਰਾਸ਼ਾ ਪ੍ਰਗਟ ਕਰਦੇ ਹੋਏ ਕਿਹਾ ਕਿ ਪਾਣੀ ਨੇ ਪਰਾਲੀ ਦੀਆਂ ਗੰਢਾਂ ਨੂੰ ਵਹਾ ਦਿੱਤਾ ਹੈ ਅਤੇ ਨਰਮੇ ਸਮੇਤ ਹੋਰ ਗਰਮੀਆਂ ਦੀਆਂ ਫਸਲਾਂ ਦੀ ਬਿਜਾਈ ਵਿਚ ਦੇਰੀ ਕਰ ਦਿੱਤੀ ਹੈ। 16 ਮਈ ਤੋਂ ਰੱਖ-ਰਖਾਅ ਲਈ ਯੋਜਨਾਬੱਧ ਨਹਿਰ ਬੰਦ ਕਰਨ ਨਾਲ ਸਥਿਤੀ ਹੋਰ ਵੀ ਗੁੰਝਲਦਾਰ ਹੋ ਗਈ ਹੈ, ਜਿਸ ਨਾਲ ਦੋ ਹਫ਼ਤਿਆਂ ਲਈ ਪਾਣੀ ਦੀ ਸਪਲਾਈ ਬੰਦ ਹੋ ਜਾਵੇਗੀ। ਸਥਾਨਕ ਕਿਸਾਨ ਹੁਣ ਆਪਣੇ ਨੁਕਸਾਨ ਲਈ ਜਵਾਬਦੇਹੀ ਅਤੇ ਮੁਆਵਜ਼ੇ ਦੀ ਮੰਗ ਕਰ ਰਹੇ ਹਨ।