ਸਕੂਲ ਦੀ ਤਾਲਾਬੰਦੀ ਖ਼ਿਲਾਫ਼ ਦੋ ਧਿਰਾਂ ਵਿਚਾਲੇ ਟਕਰਾਅ ਦੇ ਆਸਾਰ
ਸ਼ਗਨ ਕਟਾਰੀਆ
ਬਠਿੰਡਾ, 2 ਅਪਰੈਲ
ਆਦਰਸ਼ ਸਕੂਲ ਚਾਉਕੇ ਦਾ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਭਾਕਿਯੂ ਉਗਰਾਹਾਂ ਸਮੇਤ ਹਮ ਖਿਆਲ ਸੰਗਠਨ ਸਕੂਲ ਨੂੰ ਤਾਲਾ ਲਾ ਕੇ ਧਰਨੇ ’ਤੇ ਬੈਠੇ ਅਧਿਆਪਕਾਂ ਨੂੰ ਸਮਰਥਨ ਦੇ ਰਹੇ ਹਨ, ਉੱਥੇ ਦੂਜੇ ਪਾਸੇ ਕੁਝ ਧਿਰਾਂ ਸਕੂਲ ਦਾ ਤਾਲਾ ਖੋਲ੍ਹ ਕੇ ਬੱਚਿਆਂ ਦੀ ਪੜ੍ਹਾਈ ਸ਼ੁਰੂ ਕਰਾਉਣ ਦੇ ਹੱਕ ’ਚ ਨਿੱਤਰ ਆਈਆਂ ਹਨ। ਕੱਲ੍ਹ ਜੋਗਿੰਦਰ ਸਿੰਘ ਉਗਰਾਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਗਈਆਂ।
ਦੱਸ ਦੇਈਏ ਕਿ ਬਹੁਤ ਸਾਰੇ ਮਾਪੇ ਸਕੂੂਲ ਖੋਲ੍ਹਣ ਦੀ ਮੰਗ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਹੋ ਰਹੇ ਨੁਕਸਾਨ ਦਾ ਰੋਣਾ ਰੋਇਆ। ਮਾਪਿਆਂ ਦੇ ਨਾਲ ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਤੇ ਭੀਮ ਆਰਮੀ ਦੇ ਆਗੂ ਸਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਸਕੂਲ ਨੂੰ ਤਾਲਾ ਲਾਏ ਜਾਣ ਕਾਰਨ ਕਰੀਬ ਦੋ ਦਰਜਨ ਪਿੰਡਾਂ ਦੇ 2200 ਬੱਚਿਆਂ ਦਾ ਭਵਿੱਖ ਦਾਅ ’ਤੇ ਲੱਗ ਗਿਆ ਹੈ। ਉਨ੍ਹਾਂ ਇੱਥੋਂ ਤੱਕ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਬੱਚਿਆਂ ਵੱਲੋਂ ਦਿੱਤੀਆਂ ਪ੍ਰੀਖ਼ਿਆਵਾਂ ਦੇ ਨਤੀਜੇ ਵੀ ਹਾਲੇ ਤੱਕ ਨਹੀਂ ਐਲਾਨੇ ਜਾ ਸਕੇ। ਜਾਣਕਾਰੀ ਮੁਤਾਬਿਕ ਸਕੂਲ ਦੀ ਨਵ-ਨਿਯੁਕਤ ਮੈਨੇਜਮੈਂਟ ਵੱਲੋਂ ਕੀਤੀ ਪੜਤਾਲ ਦੌਰਾਨ ਕੁਝ ਪੁਰਾਣੇ ਅਧਿਆਪਕਾਂ ਦੀ ਤਾਇਨਾਤੀ ਅਯੋਗ ਸਾਬਤ ਹੋਈ ਸੀ। ਇਸ ਦੀ ਪੁਸ਼ਟੀ ਕਰਦਿਆਂ ਮੈਨੇਜਮੈਂਟ ਦੇ ਚੇਅਰਮੈਨ ਬਣੇ ਗੁਰਮੇਲ ਸਿੰਘ ਨੇ ਦੱਸਿਆ ਕਿ ਸਕੂਲ ਦੇ ਕੁੱਲ ਕਰੀਬ ਚਾਰ ਦਰਜਨਾਂ ਅਧਿਆਪਕਾਂ ’ਚੋਂ ਛਾਂਟੀ ਵਾਲੇ ਅਧਿਆਪਕਾਂ ਦੀ ਗਿਣਤੀ ਮਹਿਜ਼ ਸਵਾ ਕੁ ਦਰਜਨ ਹੈ। ਨਿੱਜੀ ਭਾਈਵਾਲੀ ਵਾਲੇ ਇਸ ਸਰਕਾਰੀ ਸਕੂਲ ਨੂੰ ਤਾਲਾ ਲਾ ਕੇ ਸੰਘਰਸ਼ ਕਰਨ ਵਾਲੇ ਟੀਚਰਾਂ ਦਾ ਇਹ ਦੋਸ਼ ਵੀ ਹੈ ਕਿ ਉਨ੍ਹਾਂ ਦੀਆਂ ਤਨਖਾਹਾਂ ’ਚ ਕਾਫੀ ਕਟੌਤੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਛਾਂਟੀ ਅਤੇ ਤਨਖਾਹਾਂ ’ਚ ਕਟੌਤੀ ਸਮੇਤ ਕੁਝ ਹੋਰ ਮੰਗਾਂ ਨਾਲ ਸਕੂਲ ਅਧਿਆਪਕ ਕੁੱਝ ਅਰਸੇ ਤੋਂ ਸਕੂਲ ਨੂੰ ਤਾਲਾ ਲਾ ਕੇ ਧਰਨੇ ’ਤੇ ਬੈਠੇ ਸਨ। ਪਿਛਲੇ ਦਿਨੀਂ ਪ੍ਰਸ਼ਾਸਨ ਨੇ ਧਰਨਾਕਾਰੀ ਟੀਚਰਾਂ ਨੂੰ ਹਿਰਾਸਤ ’ਚ ਲੈ ਕੇ ਧਰਨਾ ਚੁਕਵਾ ਦਿੱਤਾ ਅਤੇ ਸਕੂਲ ਦਾ ਤਾਲਾ ਵੀ ਖੋਲ੍ਹ ਦਿੱਤਾ ਸੀ। ਮਗਰੋਂ ਕੁਝ ਜਥੇਬੰਦੀਆਂ ਦੀ ਹਮਾਇਤ ਨਾਲ ਅਧਿਆਪਕਾਂ ਨੇ ਸਕੂਲ ਨੂੰ ਮੁੜ ਤਾਲਾ ਲਾਇਆ ਅਤੇ ਧਰਨੇ ’ਤੇ ਬੈਠ ਗਏ। ਇਸ ਅਜੀਬੋ-ਗਰੀਬ ਸਥਿਤੀ ਦੌਰਾਨ ਭਾਕਿਯੂ (ਉਗਰਾਹਾਂ) ਦੇ ਸੂਬਾ ਪ੍ਰਧਾਨ ਲੰਘੇ ਦਿਨ ਚਾਉਕੇ ਵਿਖੇ ਧਰਨਾਕਾਰੀਆਂ ਨੂੰ ਸੰਬੋਧਨ ਕਰਨ ਆਏ ਸਨ, ਜਦੋਂ ਵਿਰੋਧ ਦਾ ਸਾਹਮਣਾ ਕਰਨ ਪਿਆ। ਯੂਨੀਅਨ ਵੱਲੋਂ ਹੁਣ 6 ਅਪਰੈਲ ਨੂੰ ਸਕੂਲ ਅੱਗੇ ਰੈਲੀ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ। ਦੂਜੇ ਪਾਸੇ ਡੀਸੀ ਨੂੰ ਮਿਲੀਆਂ ਧਿਰਾਂ ਤੇ ਮਾਪਿਆਂ ਨੇ ਵੀ ਪ੍ਰਸ਼ਾਸਨ ਨੂੰ 7 ਅਪਰੈਲ ਤੱਕ ਸਕੂਲ ਖੋਲ੍ਹ ਕੇ ਚਾਲੂ ਕੀਤੇ ਜਾਣ ਜਾਂ ਫਿਰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਬਾਰੇ ਅਲਟੀਮੇਟਮ ਦਿੱਤਾ ਹੋਇਆ ਹੈ।
ਅਧਿਆਪਕਾਂ ਦੀ ਬਹਾਲੀ ਲਈ ਲੜ ਰਹੇ ਹਾਂ: ਮਾਨ
ਭਾਕਿਯੂ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਅਸਲ ਰੌਲਾ ਮੈਨੇਜਮੈਂਟ ਵੱਲੋਂ ਸਕੂਲ ’ਚ ਕਥਿਤ ਤੌਰ ’ਤੇ ਕੀਤੇ ਭ੍ਰਿਸ਼ਟਾਚਾਰ ਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਬੱਚਿਆਂ ਨੂੰ ਪਿਛਲੇ ਤਿੰਨ ਵਰ੍ਹਿਆਂ ਤੋਂ ਕਿਤਾਬਾਂ, ਵਰਦੀਆਂ ਤੇ ਹੋਰ ਸਹੂਲਤ ਨਹੀਂ ਮਿਲੀਆਂ। ਉਨ੍ਹਾਂ ਆਖਿਆ ਕਿ ਉਗਰਾਹਾਂ ਯੂਨੀਅਨ ਅਧਿਆਪਕਾਂ ਦੀ ਹਮਾਇਤ ਕਰ ਰਹੀ ਹੈ਼ ਤਾਂ ਕਿ ਬਰਖਾਸਤ ਕੀਤੇ ਅਧਿਆਪਕ ਬਹਾਲ ਹੋ ਸਕਣ। ਜੋਗਿੰਦਰ ਸਿੰਘ ਉਗਰਾਹਾਂ ਦੇ ਹੋਏ ਵਿਰੋਧ ਨੂੰ ਉਨ੍ਹਾਂ ‘ਜ਼ਰ-ਖਰੀਦ’ ਜਾਂ ਫਿਰ ‘ਭੋਲ਼ੇ’ ਲੋਕਾਂ ਵੱਲੋਂ ਕੀਤੀ ਕਾਰਵਾਈ ਦੱਸਿਆ।