ਬੱਦਲਵਾਈ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਡਿੱਗਿਆ
ਸਤਵਿੰਦਰ ਬਸਰਾ
ਲੁਧਿਆਣਾ, 11 ਅਪਰੈਲ
ਇੱਥੇ ਕੁੱਝ ਦਿਨਾਂ ਤੋਂ ਲਗਾਤਾਰ ਵਧ ਰਿਹਾ ਤਾਪਮਾਨ ਵੀਰਵਾਰ ਰਾਤ ਚੱਲੀ ਹਨੇਰੀ ਤੋਂ ਬਾਅਦ ਹੇਠਾਂ ਆ ਗਿਆ ਹੈ। ਦੋ ਦਿਨ ਪਹਿਲਾਂ ਤੱਕ ਜਿਹੜਾ ਤਾਪਮਾਨ 38-39 ਡਿਗਰੀ ਸੈਲਸੀਅਸ ਤੱਕ ਸੀ ਸ਼ੁੱਕਰਵਾਰ ਘੱਟ ਕੇ 32 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਆ ਗਿਆ। ਅੱਜ ਸਾਰਾ ਦਿਨ ਬੱਦਲਵਾਈ ਰਹੀ ਅਤੇ ਤੇਜ਼ ਹਵਾ ਵੀ ਚੱਲਦੀ ਰਹੀ। ਲੁਧਿਆਣਾ ਵਿੱਚ ਬੀਤੇ ਐਤਵਾਰ ਨੂੰ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਉਸ ਤੋਂ ਬਾਅਦ ਲਗਾਤਾਰ ਤਾਪਮਾਨ ਹੇਠਾਂ ਡਿਗਦਾ ਗਿਆ। 8 ਅਪਰੈਲ ਨੂੰ ਵੱਧ ਤੋਂ ਵੱਧ ਤਾਪਮਾਨ 38.8 ਅਤੇ ਘੱਟ ਤੋਂ ਘੱਟ 19.8, 9 ਅਪਰੈਲ ਨੂੰ 39 ਡਿਗਰੀ ਸੈਲਸੀਅਸ ਅਤੇ 22.8 ਡਿਗਰੀ ਸੈਲਸੀਅਸ ਰਿਹਾ। ਵੀਰਵਾਰ ਦੇਰ ਰਾਤ ਤੇਜ਼ ਹਨੇਰੀ ਕਰਕੇ ਤਾਪਮਾਨ ਕਾਫੀ ਥੱਲੇ ਆ ਗਿਆ। ਸ਼ੁੱਕਰਵਾਰ ਦਿਨ ਸਮੇਂ ਵੀ ਵੱਧ ਤੋਂ ਵੱਧ ਤਾਪਮਾਨ 31.6 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 21 ਡਿਗਰੀ ਸੈਲਸੀਅਸ ਤੱਕ ਆ ਗਿਆ। ਸ਼ੁੱਕਰਵਾਰ ਦਿਨ ਸਮੇਂ ਵੀ ਟੁੱਟਵੀਂ ਬੱਦਲਵਾਈ ਰਹੀ ਅਤੇ ਤੇਜ਼ ਹਵਾ ਵੀ ਚੱਲਦੀ ਰਹੀ। ਮੌਸਮ ਵਿੱਚ ਲਗਾਤਾਰ ਆ ਰਹੇ ਬਦਲਾਅ ਕਾਰਨ ਕਿਸਾਨਾਂ ਵਿਚ ਸਹਿਮ ਹੈ ਤੇ ਅੰਨਦਾਤਾ ਚਿੰਤਾ ਵਿੱਚ ਡੁੱਬਿਆ ਨਜ਼ਰ ਆ ਰਿਹਾ ਹੈ।