ਸਰਾਭਾ ਵਿੱਚ ਅੰਬੇਡਕਰ ਜੈਅੰਤੀ ਮੌਕੇ ਸਮਾਮਗ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 14 ਅਪਰੈਲ
ਡਾ. ਭੀਮ ਰਾਓ ਅੰਬੇਦਕਰ ਯੂਥ ਕਲੱਬ ਸਰਾਭਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿੱਚ ਸਾਬਕਾ ਫ਼ੌਜੀਆਂ ਅਤੇ ਮੁਲਾਜ਼ਮਾਂ ਦੀ ਅਗਵਾਈ ਹੇਠ ਗੁਰਦੁਆਰਾ ਗੁਰੂ ਰਵਿਦਾਸ ਦੇ ਲੰਗਰ ਹਾਲ ਵਿੱਚ ਡਾਕਟਰ ਅੰਬੇਦਕਰ ਦਾ 135ਵਾਂ ਜਨਮ ਦਿਵਸ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਰਪੰਚ ਕਮਲਜੀਤ ਕੌਰ ਸਰਾਭਾ, ਗੁਰੂ ਘਰ ਦੇ ਮੁੱਖ ਸੇਵਾਦਾਰ ਅਵਤਾਰ ਸਿੰਘ, ਸਾਬਕਾ ਸਰਪੰਚ ਜਗਜੀਤ ਕੌਰ ਅਤੇ ਸੁਖਜਿੰਦਰ ਕੌਰ ਨੇ ਸਾਂਝੇ ਤੌਰ ’ਤੇ ਕੇਕ ਕੱਟਿਆ ਅਤੇ ਸਮਾਗਮ ਦੇ ਮੁੱਖ ਬੁਲਾਰੇ ਮਾਸਟਰ ਨਰਿੰਦਰਪਾਲ ਸਿੰਘ ਬੁਰਜ ਲਿਟਾਂ ਅਤੇ ਸੁਖਵਿੰਦਰ ਸਿੰਘ ਸੁਧਾਰ ਨੇ ਡਾ. ਅੰਬੇਦਕਰ ਦੇ ਜੀਵਨ, ਸੰਘਰਸ਼ ਅਤੇ ਵਿਚਾਰਧਾਰਾ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਡਾ. ਅੰਬੇਦਕਰ ਦੀ ਵਿਚਾਰਧਾਰਾ ਅਤੇ ਸਿੱਖਿਆ ਦੀ ਮਹੱਤਤਾ ਬਾਰੇ ਜ਼ੋਰ ਦਿੰਦੇ ਹੋਏ ਕਿਹਾ ਕਿ ਡਾਕਟਰ ਅੰਬੇਦਕਰ ਵੱਲੋਂ ਦਿੱਤੇ ਭਾਰਤ ਦੇ ਸੰਵਿਧਾਨ ਨੂੰ ਭਾਰੀ ਖ਼ਤਰਾ ਖੜ੍ਹਾ ਹੋ ਗਿਆ ਹੈ। ਟਹਿਲ ਸਿੰਘ ਸਰਾਭਾ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਅੰਬੇਦਕਰ ਦੀ ਯਾਦ ਵਿੱਚ ਲਾਇਬਰੇਰੀ ਅਤੇ ਬੱਚਿਆਂ ਦੀ ਸਿੱਖਿਆ ਉੱਤੇ ਜ਼ੋਰ ਦਿੱਤਾ। ਇਸ ਮੌਕੇ ਸੰਤੋਖ ਸਿੰਘ, ਪ੍ਰਭਦੀਪ ਸਿੰਘ, ਪ੍ਰਦੀਪ ਸਿੰਘ, ਫ਼ੌਜੀ ਕੇਵਲ ਸਿੰਘ, ਕੈਪਟਨ ਰਾਮ ਲੋਕ ਸਿੰਘ ਬਲਦੇਵ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ।