‘ਸਿੱਖਿਆ ਬਦਲਾਅ ਵਿੱਚ ਏਆਈ’ ਵਿਸ਼ੇ ਬਾਰੇ ਸੈਮੀਨਾਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 24 ਅਪਰੈਲ
ਜੀਐੱਚਜੀ ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ (ਲੜਕੀਆਂ) ਸਿੱਧਵਾਂ ਖੁਰਦ ਵਿੱਚ ‘ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਟਰਾਂਸਫਾਰਮਿੰਗ ਐਜੂਕੇਸ਼ਨ’ ਵਿਸ਼ੇ ਬਾਰੇ ਸ੍ਰੀ ਗੁਰੂ ਹਰਗੋਬਿੰਦ ਉਜਾਗਰ ਹਰੀ ਟਰੱਸਟ ਦੀ ਰਹਿਨੁਮਾਈ ਹੇਠ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੌਮੀ ਸੈਮੀਨਾਰ ਕਰਵਾਇਆ ਗਿਆ। ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰਪਾਲ ਸਿੰਘ ਗਿੱਲ ਨੇ ਇਸ ਸਮੇਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ, ਵਿਸ਼ਾ ਮਾਹਿਰਾਂ ਤੇ ਹੋਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਸੈਮੀਨਾਰ ਦੇ ਪਹਿਲੇ ਤਕਨੀਕੀ ਸੈਸ਼ਨ ਵਿੱਚ ਡਾ. ਸੰਦੀਪ ਸਿੰਘ ਸੰਧਾ ਵਿਗਿਆਨੀ ਐਮਾਜ਼ੋਨ ਡਾਟਕਾਮ, ਸੀਆਟਲ ਅਮਰੀਕਾ ਅਤੇ ਕੋ-ਆਰਡੀਨੇਟਰ ਪੰਜਾਬ ਏਆਈ ਐਕਸੀਲੈਂਸ ਨੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ? ਇਹ ਕਿਵੇਂ ਕੰਮ ਕਰਦੀ ਹੈ ਅਤੇ ਅਧਿਆਪਨ ਵਿੱਚ ਇਹ ਕਿਵੇਂ ਸਹਾਈ ਹੋ ਸਕਦੀ ਹੈ, ਵਿਸ਼ੇ ਬਾਰੇ ਵਿਚਾਰ ਸਾਂਝੇ ਕੀਤੇ।
ਦੂਜੇ ਸੈਸ਼ਨ ਵਿੱਚ ਇੰਜ. ਤਨਵੀਰ ਸਿੰਘ ਨੇ ਮੈਨੇਜਿੰਗ ਐਜੂਕੇਸ਼ਨ ਵਿੱਚ ਏਆਈ ਵਿਸ਼ੇ ਬਾਰੇ ਵਿਚਾਰ ਸਾਂਝੇ ਕਰਦਿਆਂ ਸਿੱਖਿਆ ਪ੍ਰਬੰਧਨ ਵਿੱਚ ਏਆਈ ਦੀ ਭੂਮਿਕਾ ਤੇ ਵੱਖ-ਵੱਖ ਏਆਈ ਟੂਲਜ਼ ਬਾਰੇ ਜਾਣਕਾਰੀ ਦਿੱਤੀ। ਤੀਜੇ ਸੈਸ਼ਨ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਡਾ. ਸੁਖਜੀਤ ਕੌਰ ਰਾਨਾਡੇ ਨੇ ‘ਏਆਈ ਦੀ ਸੁਚੱਜੀ ਵਰਤੋਂ ਕਿਵੇਂ ਕਰੀਏ’ ਬਾਰੇ ਵਿਚਾਰ ਪ੍ਰਗਟ ਕਰਦਿਆਂ ਲਾਹੇਵੰਦ ਜਾਣਕਾਰੀ ਦਿੱਤੀ। ਉਪ ਕੁਲਪਤੀ ਡਾ. ਜਤਿੰਦਰਪਾਲ ਸਿੰਘ ਨੇ ਕਿਹਾ ਕਿ ਏਆਈ ਤੇਜ਼ੀ ਨਾਲ ਬਦਲ ਰਹੇ ਸਮੇਂ ਦੀ ਜ਼ਰੂਰਤ ਹੈ। ਜ਼ਿਲ੍ਹਾ ਕਰੀਅਰ ਕੌਂਸਲਰ ਅਨੁਜ ਕਿਸ਼ੋਰ ਨੇ ਏਆਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਟਰੱਸਟ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਸਿੱਖਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਇਨ੍ਹਾਂ ਦੀ ਸਹੀ ਵਰਤੋਂ ’ਤੇ ਜ਼ੋਰ ਦਿੱਤਾ। ਇਸ ਸਮੇਂ ਸਕੱਤਰ ਪ੍ਰੀਤਮ ਸਿੰਘ ਜੌਹਲ ਨੇ ਪ੍ਰਿੰਸੀਪਲ ਡਾ. ਅਮਨਦੀਪ ਕੌਰ ਤੇ ਹੋਰਨਾਂ ਨਾਲ ਮਿਲ ਕੇ ਮੁੱਖ ਮਹਿਮਾਨ ਨੂੰ ਸਨਮਾਨਿਤ ਕੀਤਾ।