ਆਪ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ: ਸਰੀਨ
ਲੁਧਿਆਣਾ, 30 ਅਪਰੈਲ
ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਝੂਠ ਅਤੇ ਫ਼ਰੇਬ ਦੀ ਰਾਜਨੀਤੀ ਕਰਕੇ ਹਲਕਾ ਪੱਛਮੀ ਦੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ ਤਾਂ ਜੁ ਜ਼ਿਮਨੀ ਚੋਣ ਜਿੱਤਕੇ ਅਰਵਿੰਦ ਕੇਜਰੀਵਾਲ ਨੂੰ ਸੰਸਦ ਵਿੱਚ ਭੇਜਣ ਦਾ ਰਾਹ ਸਾਫ਼ ਹੋ ਸਕੇ।
ਅੱਜ ਦੁੱਗਰੀ ਸਥਿਤ ਭਾਜਪਾ ਦਫ਼ਤਰ ਵਿੱਖੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨਿਲ ਸਰੀਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਉਮੀਦਵਾਰ ਸੰਜੀਵ ਅਰੋੜਾ ਵੱਲੋਂ ਵੱਡੇ ਵੱਡੇ ਇਸ਼ਤਿਹਾਰਾਂ ਰਾਹੀਂ ਲੋਕਾਂ ਅੱਗੇ ਗ਼ਲਤ ਤੱਥ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਜੀਵ ਅਰੋੜਾ ਵੱਲੋਂ ਜੋਂ ਕੰਮ ‘ਆਪ’ ਸਰਕਾਰ ਦੇ ਦੱਸੇ ਜਾ ਰਹੇ ਹਨ ਉਹ ਸਾਰੇ ਕੰਮ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਹਲਵਾਰਾ ਹਵਾਈ ਅੱਡਾ, ਰੇਲਵੇ ਸਟੇਸ਼ਨ ਦੇ ਨਵੀਨੀਕਰਨ, ਈਐੱਸਆਈ ਮੈਡੀਕਲ ਕਾਲਜ, ਐਲੀਵੇਟਿਡ ਰੋਡ, ਐਲਈਡੀ ਲਾਇਟ, ਬੁੱਢਾ ਨਾਲਾ ਪ੍ਰਾਜੈਕਟ ਅਤੇ ਸਮਾਰਟ ਸਿਟੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੇ ਝੂਠ ਅਤੇ ਫ਼ਰੇਬ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ ਬੈਠੇ ਹਨ ਅਤੇ ਸਮੇਂ ਦੀ ਉਡੀਕ ਵਿੱਚ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਯਸ਼ਪਾਲ ਜਨੋਤਰਾ, ਡਾ: ਨਿਰਮਲ ਨਈਯਰ, ਡਾ: ਸਤੀਸ਼ ਕੁਮਾਰ ਅਤੇ ਪ੍ਰਵੀਨ ਸ਼ਰਮਾ ਹਾਜ਼ਰ ਸਨ।