ਤੇਜ਼ ਰਫ਼ਤਾਰ ਥਾਰ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰੀ; ਨੌਜਵਾਨ ਹਲਾਕ
ਲੁਧਿਆਣਾ, 30 ਅਪਰੈਲ
ਸ਼ਹਿਰ ਦੇ ਆਰਤੀ ਚੌਕ ਨੇੜੇ ਸੱਗੂ ਚੌਂਕ ਵਿੱਚ ਅੱਜ ਥਾਰ ਚਲਾ ਰਹੀ ਮਹਿਲਾ ਕੋਲੋਂ ਗੱਡੀ ਤੇਜ਼ ਰਫ਼ਤਾਰ ਕਾਰਨ ਬੇਕਾਬੂ ਹੋ ਗਈ। ਇਸ ਮਗਰੋਂ ਔਰਤ ਨੇ ਇੱਕ ਮੋਟਰਸਾਈਕਲ ਚਾਲਕ ਨੂੰ ਥੱਲੇ ਦੇ ਦਿੱਤਾ। ਇੰਨਾ ਹੀ ਨਹੀਂ ਉਹ ਕਾਫ਼ੀ ਦੂਰ ਤੱਕ ਮੋਟਰਸਾਈਕਲ ਸਵਾਰ ਨੂੰ ਘੜੀਸਦਿਆਂ ਲੈ ਗਈ। ਇਸ ਉਪਰੰਤ ਮਹਿਲਾ ਨੇ ਤੇਜ਼ ਰਫ਼ਤਾਰ ਥਾਰ ਬੰਦ ਦੁਕਾਨ ਵਿੱਚ ਵਾੜ ਦਿੱਤੀ। ਦੁਕਾਨ ਦਾ ਸ਼ਟਰ ਟੁੱਟ ਗਿਆ ਤੇ ਤਾਂ ਗੱਡੀ ਰੁਕ ਸਕੀ। ਥਾਰ ਰੋਕਦਿਆਂ ਹੀ ਮਹਿਲਾ ਗੱਡੀ ਛੱਡ ਕੇ ਫ਼ਰਾਰ ਹੋ ਗਈ। ਆਸ-ਪਾਸ ਦੇ ਲੋਕਾਂ ਨੇ ਮੋਟਰਸਾਈਕਲ ਸਵਾਰ ਨੂੰ ਚੁੱਕ ਕੇ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਅੱਠ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਪੁਲੀਸ ਨੇ ਥਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸੱਗੂ ਚੌਕ ਨੇੜੇ ਇੱਕ ਔਰਤ ਚਿੱਟੇ ਥਾਰ ਚਲਾ ਰਹੀ ਸੀ। ਜਦੋਂ ਉਹ ਯੂ-ਟਰਨ ਲੈਣ ਲੱਗੀ ਤਾਂ ਉਸ ਨੇ ਤੇਜ਼ ਰਫ਼ਤਾਰ ਨਾਲ ਕਾਰ ਮੋੜ ਲਈ। ਇਸ ਦੌਰਾਨ ਉਸ ਨੇ ਉਥੋਂ ਲੰਘ ਰਹੀ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਕਾਫ਼ੀ ਦੂਰ ਤੱਕ ਨੌਜਵਾਨ ਨੂੰ ਘਸੀਟ ਕੇ ਲੈ ਗਈ। ਮਹਿਲਾ ਕੋਲੋਂ ਗੱਡੀ ਬੇਕਾਬੂ ਹੋ ਗਈ ਅਤੇ ਕਾਰ ਸਿੱਧੀ ਬੰਦ ਸ਼ਟਰ ਵਿੱਚ ਜਾ ਵੱਜੀ। ਇਸ ਮਗਰੋਂ ਲੋਕਾਂ ਨੇ ਕਿਸੇ ਤਰ੍ਹਾਂ ਨੌਜਵਾਨ ਨੂੰ ਥਾਰ ਦੇ ਥੱਲਿਓਂ ਕੱਢਿਆ ਅਤੇ ਔਰਤ ਮੌਕੇ ਦਾ ਫਾਇਦਾ ਚੁੱਕ ਭੱਜ ਗਈ। ਉਹ ਕਾਰ ਅਤੇ ਆਪਣਾ ਸਾਰਾ ਸਾਮਾਨ ਗੱਡੀ ਵਿੱਚ ਹੀ ਛੱਡ ਗਈ।
ਲੋਕਾਂ ਨੇ ਹਾਦਸੇ ਬਾਰੇ ਤੁਰੰਤ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਡਵੀਜ਼ਨ ਅੱਠ ਦੇ ਐੱਸਐੱਚਓ ਅੰਮ੍ਰਿਤਪਾਲ ਨੇ ਦੱਸਿਆ ਕਿ ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾ ਲਿਆ ਗਿਆ ਹੈ। ਮੁਲਜ਼ਮ ਔਰਤ ਵੀ ਹਾਲੇ ਫਰਾਰ ਹੈ। ਗੱਡੀ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਪੁਲੀਸ ਨੇ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ।