ਸਿਆਸੀ ਪਾਰਟੀਆਂ ਲਈ ਅਗਨੀ ਪ੍ਰੀਖ਼ਿਆ ਤੋਂ ਘੱਟ ਨਹੀਂ ਹਲਕਾ ਪੱਛਮੀ ਦੀ ਜ਼ਿਮਨੀ ਚੋਣ
ਗਗਨਦੀਪ ਅਰੋੜਾ
ਲੁਧਿਆਣਾ, 3 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਸਿਆਸੀ ਪਾਰਾ ਵੱਧਦਾ ਜਾ ਰਿਹਾ ਹੈ। ਹਲਕੇ ਦੀ ਜ਼ਿਮਨੀ ਚੋਣ ਇਸ ਵੇਲੇ ਚਾਰੋਂ ਵੱਡੀਆਂ ਸਿਆਸੀ ਪਾਰਟੀਆਂ ਲਈ ਅਗਨੀ ਪ੍ਰੀਖਿਆ ਬਣੀ ਹੋਈ ਹੈ। ਮੌਜੂਦਾ ਸੱਤਾਧਾਰੀ ਸਰਕਾਰ ਜਿੱਥੇ ਇਸ ਚੋਣ ਨੂੰ ਮੁੱਛ ਦਾ ਸਵਾਲ ਬਣਾਈ ਬੈਠੀ ਹੈ, ਉਥੇ ਹੀ ਇਸ ਚੋਣ ਰਾਹੀਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਸਿਆਸੀ ਕਰੀਅਰ ਤੈਅ ਹੋਵੇਗਾ। ਭਾਜਪਾ ’ਤੇ ਦਬਾਅ ਹੈ ਕਿ ਉਹ ਇੱਕ ਸਾਲ ਪਹਿਲਾਂ ਪਈਆਂ 45 ਹਜ਼ਾਰ ਵੋਟਾਂ ਵਿੱਚ ਜੇਤੂ ਮਾਰਜਨ ਦੀਆਂ ਵੋਟਾਂ ਲੈ ਸਕੇ ਤੇ ਸ਼੍ਰੋਮਣੀ ਅਕਾਲੀ ਦਲ ਇਸ ਚੋਣ ਨੂੰ ਸਿਆਸਤ ਵਿੱਚ ਦੁਬਾਰਾ ਰੀਐਂਟਰੀ ਵਾਂਗ ਸਮਝ ਕੇ ਚੱਲ ਰਹੀ ਹੈ। ਚਾਰੋਂ ਪਾਰਟੀਆਂ ਇਸ ਜ਼ਿਮਨੀ ਚੋਣ ਨੂੰ 2027 ਦਾ ਸੈਮੀਫਾਈਨਲ ਮੰਨ ਕੇ ਲੜ ਰਹੀਆਂ ਹਨ, ਤਾਂ ਕਿ 2027 ਵਿੱਚ ਵਿਧਾਨਸਭਾ ਦੇ ਇਸ ਫਾਈਨਲ ਮੈਚ ਵਿੱਚ ਉਹ ਜੇਤੂ ਰਹਿ ਸਕਣ।
ਇਹ ਚੋਣ ਆਮ ਆਦਮੀ ਪਾਰਟੀ ਲਈ ਵੱਕਾਰ ਦਾ ਵਿਸ਼ਾ ਬਣ ਗਈ ਹੈ। ‘ਆਪ’ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੇ ਚੋਣ ਪ੍ਰਚਾਰ ਲਈ ਕਈ ਵਾਰ ਲੁਧਿਆਣਾ ਆਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰੋਗਰਾਮਾਂ ਦੌਰਾਨ ਕਈ ਵਾਰ ਲੁਧਿਆਣਾ ਆਏ ਚੁੱਕੇ ਹਨ। ਇੱਥੋਂ ਤੱਕ ਕਿ ਕਈ ਕੈਬਨਿਟ ਮੰਤਰੀਆਂ ਅਤੇ ਕਈ ਸੰਗਠਨ ਮੰਤਰੀਆਂ ਨੇ ਸੰਜੀਵ ਅਰੋੜਾ ਦੇ ਹੱਕ ਵਿੱਚ ਗਲੀ ਗਲੀ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਸੰਜੀਵ ਅਰੋੜਾ ਖੁਦ ਵੀ ਲੰਬੇ ਸਮੇਂ ਤੋਂ ਲੋਕਾਂ ਵਿੱਚ ਜਾ ਰਹੇ ਹਨ। ‘ਆਪ’ ਲਈ ਇਹ ਚੋਣ ਜਿੱਤਣਾ ਬਹੁਤ ਜ਼ਰੂਰੀ ਹੈ। ਜੇ ‘ਆਪ’ ਇਹ ਚੋਣ ਜਿੱਤਦੀ ਹੈ ਤਾਂ ਉਸ ਨੂੰ 2027 ਦੀਆਂ ਚੋਣਾਂ ਲਈ ਘੱਟ ਮਿਹਨਤ ਕਰਨੀ ਪਵੇਗੀ। ਖੁੱਦ ਦੀ ਹੀ ਜਿੱਤੀ ਹੋਈ ਸੀਟ ’ਤੇ ਜ਼ਿਮਨੀ ਚੋਣ ਹੋਣ ਕਾਰਨ ਇਸ ਸੀਟ ’ਤੇ ਸਰਕਾਰ ਦੀ ਇੱਜਤ ਦਾਅ ’ਤੇ ਲੱਗੀ ਹੋਈ ਹੈ।
ਦੂਜੇ ਪਾਸੇ, ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇੱਥੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਤੇ ਆਸ਼ੂ ਵੀ ਇਸ ਹਲਕੇ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ‘ਆਪ’ ਦੇ ਸੱਤਾ ਵਿੱਚ ਆਉਣ ਸਮੇਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਵਾਲੇ ਆਸ਼ੂ ਨੂੰ ਜੇਲ੍ਹ ਵੀ ਜਾਣਾ ਪਿਆ। ਹਾਲਾਂਕਿ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਸ਼ੂ ਦੇ ਕੇਸ ਖਤਮ ਕਰ ਦਿੱਤੇ। ਹੁਣ ਇਸ ਚੋਣ ਨੂੰ ਜਿੱਤਣ ਲਈ ਆਸ਼ੂ ਨੇ ਵੀ ਕਾਫ਼ੀ ਮਿਹਨਤ ਸ਼ੁਰੂ ਕੀਤੀ ਹੋਈ ਹੈ। ਆਸ਼ੂ ਦੀ ਸਿਆਸੀ ਕਰੀਅਰ ਇਸ ਚੋਣ ’ਤੇ ਕਾਫ਼ੀ ਨਿਰਭਰ ਕਰਦਾ ਹੈ, ਕਿਉਂਕਿ ਜੇ ਉਹ ਚੋਣ ਹਾਰ ਜਾਂਦੇ ਹਨ ਤਾਂ 3 ਸਾਲ ਦੌਰਾਨ ਹੀ ਉਨ੍ਹਾਂ ਦੀ ਆਪਣੇ ਹਲਕੇ ਵਿੱਚ ਦੂਜੀ ਵਾਰ ਹਾਰ ਹੋਵੇਗੀ। ਹਾਲਾਂਕਿ, ਇਸ ਚੋਣ ਨੂੰ ਜਿੱਤਣ ਲਈ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਖੁਦ ਚੋਣ ਮੁਹਿੰਮ ਦੀ ਜ਼ਿੰਮੇਵਾਰੀ ਸੰਭਾਲੀ ਹੈ। ਇਸ ਦੇ ਨਾਲ ਹੀ ਰਾਣਾ ਗੁਰਜੀਤ ਸਿੰਘ, ਸ਼ਿਆਮ ਸੁੰਦਰ ਅਰੋੜਾ, ਪ੍ਰਗਟ ਸਿੰਘ ਸਣੇ ਕਈ ਸੀਨੀਅਰ ਕਾਂਗਰਸੀ ਆਗੂ ਇਸ ਸੀਟ ਨੂੰ ਜਿੱਤਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਭਾਜਪਾ ਨੇ ਇਸ ਸੀਟ ਲਈ ਉਮੀਦਵਾਰ ਦਾ ਐਲਾਨ ਕਾਫ਼ੀ ਦੇਰ ਨਾਲ ਕੀਤਾ ਹੈ। ਉਨ੍ਹਾਂ ਨੇ ਆਪਣੇ ਪੁਰਾਣੇ ਵਰਕਰ ਅਤੇ ਆਰਐਸਐਸ ਨਾਲ ਜੁੜੇ ਜੀਵਨ ਗੁਪਤਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜੀਵਨ ਗੁਪਤਾ ਦਾ ਸੰਗਠਨ ਵਿੱਚ ਬਹੁਤ ਸਮਰਥਨ ਹੈ, ਪਰ ਜੇ ਮੈਦਾਨ ਵਿੱਚ ਦੇਖਿਆ ਜਾਵੇ ਤਾਂ ਉਨ੍ਹਾਂ ਦਾ ਲੋਕਾਂ ਨਾਲ ਜਨ ਸੰਪਰਕ ਘੱਟ ਹੈ। ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਖੁਦ ਇੱਥੇ ਡੇਰਾ ਲਾ ਰਹੇ ਹਨ। ਇਸ ਦੇ ਨਾਲ ਹੀ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਨਜ਼ਰ ਰੱਖ ਰਹੇ ਹਨ।
ਇਸ ਵਾਰ ਅਕਾਲੀ ਦਲ ਨੇ ਇੱਥੋਂ ਇੱਕ ਨਵੇਂ ਚੇਹਰੇ ਪਰਉਪਕਾਰ ਸਿੰਘ ਘੁੰਮਣ ਨੂੰ ਮੈਦਾਨ ਵਿੱਚ ਉਤਾਰਿਆ ਹੈ। ਉਹ ਇਸ ਹਲਕੇ ਦੇ ਵਸਨੀਕ ਹਨ ਅਤੇ ਉਨ੍ਹਾਂ ਦਾ ਲੋਕਾਂ ਵਿੱਚ ਕਿਤੇ ਨਾ ਕਿਤੇ ਆਧਾਰ ਵੀ ਹੈ। ਇਹ ਸੀਟ ਅਕਾਲੀ ਦਲ ਲਈ ਵੀ ਬਹੁਤ ਮਹੱਤਵਪੂਰਨ ਹੈ। ਜੇ ਅਕਾਲੀ ਦਲ ਇਹ ਸੀਟ ਜਿੱਤ ਜਾਂਦਾ ਹੈ ਤਾਂ ਇਹ 2027 ਦੀਆਂ ਚੋਣਾਂ ਲਈ ਉਨ੍ਹਾਂ ਲਈ ਜੀਵਨ ਬਚਾਉਣ ਵਾਲੀ ਦਵਾਈ ਦਾ ਕੰਮ ਕਰੇਗਾ।