ਪੀਏਯੂ ਵਿੱਚ ਮਸ਼ੀਨਰੀ ਬਾਰੇ ਨਵੀਨ ਸਿਖਲਾਈ ਕੇਂਦਰ ਦਾ ਉਦਘਾਟਨ
ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੂਨ
ਪੀਏਯੂ ਅਤੇ ਖੇਤੀ ਮਸ਼ੀਨਰੀ ਵਿਸ਼ੇਸ਼ ਤੌਰ ’ਤੇ ਟਰੈਕਟਰ ਅਤੇ ਹੋਰ ਔਜ਼ਾਰ ਬਣਾਉਣ ਲਈ ਪ੍ਰਸਿੱਧ ਕੰਪਨੀ ਟੈਫੇ ਵੱਲੋਂ ਖੇਤੀ ਮਸ਼ੀਨਰੀ ਲਈ ਸਹਿਯੋਗ ਵਧਾਉਣ ਦੇ ਸਮਝੌਤੇ ਤਹਿਤ ਅੱਜ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਪੀਏਯੂ ਟੈਫੇ ਲਰਨਿੰਗ ਕੇਂਦਰ ਦਾ ਉਦਘਾਟਨ ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਵਿੱਚ ਕੀਤਾ। ਇਸ ਸਮਝੌਤੇ ਦੇ ਉਦੇਸ਼ ਖੇਤੀ ਖੋਜ ਅਤੇ ਸਿੱਖਿਆ ਲਈ ਦੋਵਾਂ ਸੰਸਥਾਵਾਂ ਵੱਲੋਂ ਮਿਲ ਕੇ ਕਾਰਜ ਕਰਨਾ ਹੈ। ਡਾ. ਗੋਸਲ ਨੇ ਯੂਨੀਵਰਸਿਟੀ ਦੇ ਖੋਜ, ਸਿੱਖਿਆ ਅਤੇ ਪਸਾਰ ਪ੍ਰੋਗਰਾਮਾਂ ਰਾਹੀਂ ਖੇਤੀ ਦੇ ਨਾਲ-ਨਾਲ ਸਹਿਯੋਗੀ ਖੇਤਰਾਂ ਵਿਚ ਕੀਤੇ ਜਾਣ ਵਾਲੇ ਕਾਰਜਾਂ ਉੱਪਰ ਚਾਨਣਾ ਪਾਇਆ। ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਅਤੇ ਕੰਪਨੀਆਂ ਦੇ ਸਹਿਯੋਗ ਨਾਲ ਨਵੀਆਂ ਤਕਨਾਲੋਜੀਆਂ ਦੇ ਵਿਕਾਸ ਲਈ ਵਚਬੱਧਤਾ ਨੂੰ ਦੁਹਰਾਇਆ ਅਤੇ ਮਨੁੱਖੀ ਸਰੋਤ ਦੇ ਨਾਲ-ਨਾਲ ਖੇਤੀ ਮੁਹਾਰਤ ਅਤੇ ਮਸ਼ੀਨਰੀ ਲਈ ਹੋਰ ਕੋਸ਼ਿਸ਼ਾਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵਿੱਚ ਜਾਰੀ ਖੋਜ ਗਤੀਵਿਧੀਆਂ ਅਤੇ ਵਿਸ਼ੇਸ਼ ਤੌਰ ’ਤੇ ਖੇਤੀ ਮਸ਼ੀਨਰੀ ਨਾਲ ਸਬੰਧਤ ਖੋਜਾਂ ਬਾਰੇ ਆਪਣੇ ਵਿਚਾਰ ਰੱਖੇ। ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਪੀਏਯੂ ਅਤੇ ਟੈਫੇ ਵਿਚਕਾਰ ਸਮਝੌਤੇ ਦੇ ਲਾਭਕਾਰੀ ਨਤੀਜਿਆਂ ਬਾਰੇ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੰਸਥਾਵਾਂ ਵਿਚਕਾਰ ਤਜਰਬਿਆਂ ਦਾ ਆਦਾਨ-ਪ੍ਰਦਾਨ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਲਈ ਬੇਹੱਦ ਗੁਣਾਤਮਕ ਤਬਦੀਲੀ ਲਿਆ ਸਕੇਗਾ। ਖੇਤ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਹੇਸ਼ ਕੁਮਾਰ ਨਾਰੰਗ ਨੇ ਵਿਭਾਗ ਵੱਲੋਂ ਕੀਤੇ ਜਾ ਰਹੇ ਖੋਜ ਅਤੇ ਅਕਾਦਮਿਕ ਕਾਰਜਾਂ ਉੱਪਰ ਰੌਸ਼ਨੀ ਪਾਈ। ਟੈਫੇ ਦੇ ਪ੍ਰਮੁੱਖ ਅਧਿਕਾਰੀ ਇੰਜ. ਗੌਰਵ ਸੂਦ ਨੇ ਉਹਨਾਂ ਦੀ ਕੰਪਨੀ ਵੱਲੋਂ ਅਫਰੀਕਾ, ਸ਼੍ਰੀ ਲੰਕਾ, ਬੰਗਲਾਦੇਸ਼ ਅਤੇ ਯੂਰਪ ਦੇ ਹੋਰ ਹਿੱਸਿਆਂ ਵਿਚ ਜਾਰੀ ਗਤੀਵਿਧੀਆਂ ਨਾਲ ਤੁਆਰਫ ਕਰਵਾਇਆ। ਉਨ੍ਹਾਂ ਆਸ ਪ੍ਰਗਟਾਈ ਕਿ ਪੀਏਯੂ ਨਾਲ ਸਮਝੌਤੇ ਤੋਂ ਬਾਅਦ ਕੰਪਨੀ ਕੋਲ ਜ਼ਮੀਨੀ ਪੱਧਰ ਦਾ ਖੇਤੀ ਅਤੇ ਪਸਾਰ ਤਜਰਬਾ ਹੋਵੇਗਾ।