ਪੀਏਯੂ ਵੱਲੋਂ ਫ਼ਸਲਾਂ ’ਚ ਘੱਟ ਪਾਣੀ ਨਾਲ ਵੱਧ ਪੈਦਾਵਾਰ ਲੈਣ ਦਾ ਸੁਨੇਹਾ
ਲੁਧਿਆਣਾ, 24 ਅਪਰੈਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੇਸ਼ ਨੂੰ ਅੰਨ ਦੀ ਘਾਟ ਵਾਲੇ ਦੇਸ਼ ਤੋਂ ਅੰਨ ਦੀ ਬਹੁਤਾਤ ਵਾਲਾ ਦੇਸ਼ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਇਸ ਟੀਚੇ ਨੂੰ ਪੂਰਾ ਕਰਨ ਲਈ ਸੂਬੇ ਦੇ ਕੁਦਰਤੀ ਸਰੋਤਾਂ ਖ਼ਾਸ ਕਰਕੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਉੱਤੇ ਬਹੁਤ ਮਾੜਾ ਪ੍ਰਭਾਵ ਪਿਆ ਹੈ। ਇਹ ਪ੍ਰਗਟਾਵਾ ਕਰਦਿਆਂ ਖੇਤੀਬਾੜੀ ਯੂਨੀਵਰਸਿਟੀ ਦੇ ਜਲ ਤਕਨਾਲੋਜੀ ਅਤੇ ਪ੍ਰਬੰਧਨ ਕੇਂਦਰ ਦੇ ਵਿਗਿਆਨੀਆਂ ਡਾ. ਅਜਮੇਰ ਸਿੰਘ ਬਰਾੜ ਅਤੇ ਡਾ. ਸੁਖਪ੍ਰੀਤ ਸਿੰਘ ਨੇ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਸਿੰਜਾਈ ਵਾਲੇ ਪਾਣੀ ਦੀ ਸੁਚੱਜੀ ਵਰਤੋਂ ਕਰਨ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਝੋਨੇ ਦੀਆਂ ਘੱਟ ਜਾਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਨੂੰ ਬੀਜ ਕੇ ਇਸ ਫ਼ਸਲ ਵਿੱਚ ਸਿੰਜਾਈ ਵਾਲੇ ਪਾਣੀ ਦੀ 10 ਤੋਂ 15 ਪ੍ਰਤੀਸ਼ਤ ਬੱਚਤ ਕਰ ਸਕਦੇ ਹਨ।
ਡਾ. ਬਰਾੜ ਨੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਵਿੱਚ ਸੁਕਾ-ਸੁਕਾ ਕੇ ਪਾਣੀ ਲਾਉਣ ਦੀ ਵਿਧੀ ਅਪਨਾਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਝੋਨੇ ਦੀ ਫ਼ਸਲ ਵਿੱਚ ਪਹਿਲੇ 10-15 ਦਿਨ ਹੀ ਪਾਣੀ ਨੂੰ ਖੜ੍ਹਾ ਰੱਖਣ ਦੀ ਲੋੜ ਹੁੰਦੀ ਹੈ ਅਤੇ ਉਸ ਤੋਂ ਬਾਅਦ ਪਹਿਲੇ ਪਾਣੀ ਦੀ ਜ਼ੀਰਨ ਦੇ 2-3 ਦਿਨ ਬਾਅਦ ਹੀ ਅਗਲਾ ਪਾਣੀ ਲਗਾਉਣਾ ਚਾਹੀਦਾ ਹੈ, ਪਾਣੀ ਵੱਧ ਤੋਂ ਵੱਧ 2 ਇੰਚ ਤੱਕ ਲਗਾਉਣਾ ਚਾਹੀਦਾ ਹੈ ਅਤੇ ਫ਼ਸਲ ਦੀ ਕਟਾਈ ਤੋਂ 15 ਦਿਨ ਪਹਿਲਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ। ਡਾ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਗਰਮੀ ਰੁੱਤ ਵਿੱਚ ਬੀਜੀ ਜਾਣ ਵਾਲੀ ਮੱਕੀ ਦੀ ਫ਼ਸਲ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ।