ਭੱਠਾ ਮਜ਼ਦੂਰਾਂ ਅਤੇ ਮਾਲਕਾਂ ਵੱਲੋਂ ਭੱਠਾ ਸਨਅਤ ਨੂੰ ਬਚਾਉਣ ਲਈ ਰੋਸ ਮੁਜ਼ਾਹਰਾ
ਲੁਧਿਆਣਾ, 2 ਮਈ
ਭੱਠਾ ਮਜ਼ਦੂਰਾਂ ਅਤੇ ਮਾਲਕਾਂ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਭੱਠਾ ਸਨਅਤ ਨੂੰ ਬਚਾਉਣ ਲਈ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮਾਨ ਸਰਕਾਰ ਤੋਂ ਮਰ ਰਹੇ ਭੱਠਾ ਉਦਯੋਗ ਨੂੰ ਬਚਾਉਣ ਦੀ ਅਪੀਲ ਕੀਤੀ ਗਈ।
ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਮੋਹੀ, ਜਨਰਲ ਸਕੱਤਰ ਲਖਬੀਰ ਸਿੰਘ ਸੰਧੂ ਅਤੇ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭੱਠਾ ਉਦਯੋਗ ਤਬਾਹੀ ਕੰਢੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਛੋਟੇ ਉਦਯੋਗਾਂ ਨੂੰ ਖ਼ਤਮ ਕਰਕੇ ਸਾਰੇ ਕਾਰੋਬਾਰ ਵੱਡੇ ਕਾਰਪੋਰੇਟ ਘਰਾਣਿਆਂ ਹੱਥ ਸੌਂਪਣ ਦੀ ਨੀਤੀ ਕਾਰਨ ਛੋਟੇ ਘਰੇਲੂ ਉਦਯੋਗਾਂ ਨੂੰ ਵੱਡੀ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਰੋਟੀ, ਕਪੜਾ ਅਤੇ ਮਕਾਨ ਮਨੁੱਖ ਦੀਆਂ ਆਮ ਲੋੜਾਂ ਹਨ ਪਰ ਸਰਕਾਰ ਨੇ ਮਕਾਨ ਵਸਤਾਂ ਤੇ 12 ਫ਼ੀਸਦੀ ਟੈਕਸ ਲਗਾ ਕੇ ਜਿੱਥੇ ਲੋਕਾਂ ਲਈ ਛੱਤ ਦਾ ਸੰਕਟ ਖੜਾ ਕੀਤਾ ਹੈ ਉਥੇ ਸਰਕਾਰ ਰੁਜ਼ਗਾਰ ਨੂੰ ਖਤਮ ਕਰਨ ’ਤੇ ਤੁਲੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭੱਠਿਆਂ ਲਈ ਜ਼ਬਰੀ ਜਿਗ ਜੈਗ ਟੈਕਨੋਲੋਜੀ ਲਾਗੂ ਕੀਤੀ ਗਈ ਹੈ ਜਦਕਿ ਰਾਜਸਥਾਨ ਦੇ ਦੇਸੀ ਚਲ ਰਹੇ ਭੱਠੇ ਪੰਜਾਬ ਦੀ ਸਨਅਤ ਨਾਲੋਂ 20- 25 ਲੱਖ ਇੱਟ ਹਰ ਰੋਜ਼ ਸਸਤੇ ਭਾਅ ਤੇ ਪੰਜਾਬ ਵਿੱਚ ਸੁੱਟ ਰਹੇ ਹਨ। ਕੱਚਾ ਮਾਲ ਮਿੱਟੀ ਉਤੇ ਈਸੀ ਲੱਗਣ ਕਾਰਨ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭੱਠਾ ਮਾਲਕਾਂ ਨੂੰ ਪੰਜਾਬ ਦੀ ਅਫ਼ਸਰਸ਼ਾਹੀ ਬਿਨਾਂ ਵਜ੍ਹਾ ਤੰਗ ਕਰਦੀ ਹੈ ਦੂਜੇ ਪਾਸੇ ਨਸ਼ੇੜੀਆਂ ਅਤੇ ਲੁੱਟਾਂ-ਖੋਹਾਂ ਵਾਲੇ ਵੀ ਇਸ ਕਾਰੋਬਾਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਐਡਵਾਂਸ ਪੈਸੇ ਲੈ ਕੇ ਮੁੱਕਰ ਜਾਂਦੇ ਹਨ ਪਰ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੁੰਦੀ।
ਉਨ੍ਹਾਂ ਮੰਗ ਕੀਤੀ ਕਿ ਭੱਠਾ ਮਾਲਕਾਂ ਲਈ ਸਰਕਾਰ ਨੂੰ ਸਿਗਲ ਵਿੰਡੋ ਪ੍ਰਣਾਲੀ ਸ਼ੁਰੂ ਕਰਕੇ ਹਰ ਕਾਰਵਾਈ ਸੌਖੀ ਕਰਨੀ ਚਾਹੀਦੀ ਹੈ ਅਤੇ ਕਾਰੋਬਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਜੋਲੀ ਪ੍ਰਧਾਨ ਬਰਨਾਲਾ, ਅਸਵਨੀ ਸ਼ਰਮਾ, ਹਰਵਿੰਦਰ ਸਿੰਘ ਸੇਖੋਂ, ਚਰਨਜੀਤ ਸਿੰਘ ਹਿਮਾਉਪੁਰਾ ਪ੍ਰਕਾਸ਼ ਸਿੰਘ ਹਿੱਸੋਵਾਲ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਸ਼ਿੰਦਰ ਸਿੰਘ ਜਵੱਦੀ ਸਮੇਤ ਹਜ਼ਾਰਾਂ ਭੱਠਾ ਮਾਲਕ ਅਤੇ ਮਜ਼ਦੂਰ ਹਾਜ਼ਰ ਸਨ।