ਸਾਹਿਤ ਸਭਾ ਸਮਰਾਲਾ ਵੱਲੋਂ ਇਕੱਤਰਤਾ
ਸਮਰਾਲਾ, 24 ਅਪਰੈਲ
ਸਾਹਿਤ ਸਭਾ ਸਮਰਾਲਾ ਦੀ ਮਾਸਿਕ ਇਕੱਤਰਤਾ ਗੁਰਦੀਪ ਕੌਰ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਹੋਈ। ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਜਨਰਲ ਸਕੱਤਰ ਯਤਿੰਦਰ ਕੌਰ ਮਾਹਲ ਨੇ ਰਚਨਾਵਾਂ ਦੇ ਦੌਰ ਵਿੱਚ ਪਹਿਲਾ ਸੱਦਾ ਸੰਤੋਖ ਸਿੰਘ ਕੋਟਾਲਾ ਨੂੰ ਦਿੱਤਾ ਜੋ ਆਪਣੇ ਜੱਦੀ ਪਿੰਡ ਕੋਟਾਲਾ ਬਾਰੇ ਵੱਡ-ਆਕਾਰੀ ਪੁਸਤਕ ਲਿਖ ਰਹੇ ਹਨ। ਉਨ੍ਹਾਂ ਪੁਸਤਕ ’ਚੋਂ ਪਿੰਡ ਕੋਟਾਲਾ ਦੀ ਭੂਗੋਲਿਕ ਸਥਿਤੀ ਸੁਣਾ ਕੇ ਜਾਣਕਾਰੀ ਦਿੱਤੀ। ਲੇਖ ਉੱਤੇ ਚਰਚਾ ਕਰਦਿਆਂ ਸਾਥੀਆਂ ਨੇ ਉਸਾਰੂ ਸੁਝਾਅ ਦਿੱਤੇ। ਯਤਿੰਦਰ ਕੌਰ ਮਾਹਲ ਨੇ ‘ਸਾਹਿਤ ਸਭਾਵਾਂ ਦੇ ਇਤਿਹਾਸ ਅਤੇ ਮਹੱਤਤਾ’ ਦੇ ਵਿਸ਼ੇ ਉੱਤੇ ਡੂੰਘੀ ਜਾਣਕਾਰੀ ਦਿੱਤੀ, ਜਿਸਦੀ ਸਭ ਨੇ ਸ਼ਲਾਘਾ ਕੀਤੀ। ਕਹਾਣੀ ਚਰਚਾ ਵਿੱਚ ਭਾਗ ਲੈਂਦਿਆਂ ਗੁਰਦੀਪ ਕੌਰ, ਦਰਸ਼ਨ ਸਿੰਘ ਕੰਗ, ਤਰਨ ਬੱਲ, ਇੰਦਰਜੀਤ ਸਿੰਘ ਕੰਗ, ਅਮਨ ਸਮਰਾਲਾ ਅਤੇ ਯਤਿੰਦਰ ਕੌਰ ਨੇ ਕਹਾਣੀ ਦੇ ਵਹਾਅ ਅਤੇ ਪਾਤਰ ਉਸਾਰੀ ਵੱਲ ਕੁਝ ਧਿਆਨ ਦੇਣ ਤੋਂ ਇਲਾਵਾ ਕਹਾਣੀ ਦੇ ਵਿਸ਼ੇ ਅਤੇ ਨਿਭਾਅ ਬਾਰੇ ਵਿਚਾਰ ਦਿੱਤੇ। ਇੰਦਰਜੀਤ ਸਿੰਘ ਕੰਗ ਨੇ ਲੇਖ ‘ਸ਼ਖ਼ਸੀਅਤ ਨੂੰ ਨਿਖਾਰਨ ਵਾਲਾ ਹੋਵੇ ਸਕੂਲ ਅਧਿਆਪਕਾਂ ਦਾ ਲਿਬਾਸ’ ਪੜ੍ਹਿਆ।