ਅਖਾੜਾ ਗੈਸ ਵਿਰੋਧੀ ਸੰਘਰਸ਼ ਦੀ ਵਰ੍ਹੇਗੰਢ ਮੌਕੇ ਕਾਨਫਰੰਸ
ਜਗਰਾਉਂ, 30 ਅਪਰੈਲ
ਇੱਥੋਂ ਨੇੜਲੇ ਪਿੰਡ ਅਖਾੜਾ ਵਿੱਚ ਬਾਇਓ ਗੈਸ ਫੈਕਟਰੀ ਨੂੰ ਬੰਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ। ਸੰਘਰਸ਼ ਦੀ ਵਰ੍ਹੇਗੰਢ ਮੌਕੇ ਅੱਜ ਵੱਡੀ ਕਾਨਫਰੰਸ ਹੋਈ, ਜਿਸ ਵਿੱਚ ਭਰਵਾਂ ਇਕੱਠ ਹੋਇਆ। ਪੁਲੀਸ ਵੱਲੋਂ ਸੰਘਰਸ਼ ਖਦੇੜਨ ਲਈ ਕੀਤੇ ਹੱਲੇ ਤੋਂ ਬਾਅਦ ਲੋਕ ਹੋਰ ਜੋਸ਼ ਨਾਲ ਕਾਨਫਰੰਸ ਵਿੱਚ ਸ਼ਾਮਲ ਹੋਏ। ਇਸ ਸਮੇਂ ਭਾਵੇਂ ਅੱਜ ਵੀ ਕਾਫੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਰਹੇ ਪਰ ਬੁਲਾਰਿਆਂ ਨੇ ਬੇਖੌਫ ਹੋ ਕੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਵਿਰੋਧੀ ਨਾਅਰਿਆਂ ਵਿੱਚ ਭਾਸ਼ਣ ਦਿੱਤੇ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਪਿੰਡ ਅਖਾੜਾ ਤੋਂ ਇਲਾਵਾ ਭੂੰਦੜੀ, ਮਸ਼ਕਾਬਾਦ, ਚਾਹੜ/ਬੱਗਾ ਕਲਾਂ, ਭੋਗਪੁਰ ਵਿਖੇ ਪਿੰਡ ਵਾਸੀਆਂ ਤੇ ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਗੈਸ ਫੈਕਟਰੀਆਂ ਲਾਈਆਂ ਜਾ ਰਹੀਆਂ ਹਨ। ਜੇਕਰ ਇਨ੍ਹਾਂ ਪਿੰਡਾਂ ਦੇ ਲੋਕ ਇਹ ਫੈਕਟਰੀਆਂ ਨਹੀਂ ਚਾਹੁੰਦੇ ਅਤੇ ਇਹ ਕਈ ਅਲਾਮਤਾਂ ਦਾ ਕਾਰਨ ਬਣਦੀਆਂ ਹਨ ਤਾਂ ਸਰਕਾਰ ਨੂੰ ਵੀ ਜ਼ਿੱਦ ਛੱਡ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਜ਼ਿੱਦ ਬਹੁਤ ਮਹਿੰਗੀ ਪਵੇਗੀ ਕਿਉਂਕਿ ਇਹ ਉਹ ਲੋਕ ਸਨ ਜਿਨ੍ਹਾਂ ਬਦਲਾਅ ਤੇ ਇਨਕਲਾਬ ਦੇ ਝਾਂਸੇ ਵਿੱਚ ਆ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਹੁਣ ਬਦਲਾ ਲੈਣ ਲਈ ਕਾਹਲੇ ਹਨ। ਬੁਲਾਰਿਆਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਇਨ੍ਹਾਂ ਫੈਕਟਰੀਆਂ ਖ਼ਿਲਾਫ਼ ਮਤੇ ਪਾਏ ਹੋਏ ਹਨ ਅਤੇ ਲੋਕ ਆਪਣੀਆਂ ਕਮੇਟੀਆਂ ਬਣਾ ਕੇ ਇਨ੍ਹਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਪਿੰਡ ਅਖਾੜਾ ਵਿੱਚ ਵੀ 30 ਅਪਰੈਲ 2024 ਤੋਂ ਗੈਸ ਫੈਕਟਰੀ ਨੂੰ ਲੱਗਣ ਤੋਂ ਰੋਕਣ ਲਈ ਸੰਘਰਸ਼ ਕਮੇਟੀ ਬਣਾ ਕੇ ਪੱਕਾ ਮੋਰਚਾ ਜਾਰੀ ਹੈ। ਤ੍ਰਾਸਦੀ ਇਹ ਹੈ ਕਿ ਹਾਲੇ ਤਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਹ ਵੀ ਤੈਅ ਨਹੀਂ ਕੀਤਾ ਕਿ ਇਹ ਫੈਕਟਰੀਆਂ ਕਿਸ ਕੈਟਾਗਰੀ ਵਿੱਚ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਫੈਕਟਰੀਆਂ ਲਾਲ ਜ਼ੋਨ ਵਿੱਚ ਆਉਂਦੀਆਂ ਹਨ ਜੋ ਕਿ ਆਬਾਦੀ ਦੇ ਨੇੜੇ ਨਹੀਂ ਲੱਗਣੀਆਂ ਚਾਹੀਦੀਆਂ। ਪਰ ਅਖਾੜਾ ਵਿੱਚ ਇਹ ਘਰਾਂ ਦੇ ਨੇੜੇ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਕੱਠ ਨੂੰ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਸੰਘਰਸ਼ ਕਮੇਟੀ ਦੇ ਆਗੂਆਂ ਕੰਵਲਜੀਤ ਖੰਨਾ, ਸੁਖਦੇਵ ਭੂੰਦੜੀ, ਜਗਤਾਰ ਸਿੰਘ ਦੇਹੜਕਾ, ਕੁਲਵੰਤ ਸਿੰਘ ਭਦੌੜ, ਜਸਦੇਵ ਸੀੰਘ ਲਲਤੋਂ, ਹਰਜਿੰਦਰ ਕੌਰ, ਅੰਮ੍ਰਿਤਪਾਲ ਕੌਰ, ਸੁਖਦੀਪ ਕੌਰ ਅਖਾੜਾ, ਅਵਨੀਤ ਕੌਰ, ਸੁਰਜੀਤ ਦੌਧਰ, ਜਗਰਾਜ ਸਿੰਘ ਹਰਦਾਸਪੁਰਾ, ਮੱਖਣ ਸਿੰਘ ਭੈਣੀ ਬਾਘਾ, ਲਖਵੀਰ ਸਿੰਘ ਅਕਲੀਆ, ਹਰਭਜਨ ਸਿੰਘ ਕਪੂਰਥਲਾ ਅਤੇ ਗੁਰਨਾਮ ਸਿੰਘ ਬਠਿੰਡਾ ਨੇ ਸੰਬੋਧਨ ਕੀਤਾ।