ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣ ਅੱਜ
194 ਪੋਲਿੰਗ ਪਾਰਟੀਆਂ ਲੋੜੀਂਦੇ ਸੁਰੱਖਿਆ ਕਰਮਚਾਰੀਆਂ ਨਾਲ ਪੋਲਿੰਗ ਸਟੇਸ਼ਨਾਂ ’ਤੇ ਪੁੱਜੀਆਂ
ਗਗਨਦੀਪ ਅਰੋੜਾ
ਲੁਧਿਆਣਾ, 18 ਜੂਨ
ਲੁਧਿਆਣਾ ਦੇ ਵਿਧਾਨਸਭਾ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣ ਵੀਰਵਾਰ ਨੂੰ ਹੋਵੇਗੀ, ਜਿਸ ਲਈ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਹਲਕੇ ਦੇ 175469 ਵੋਟਰ ਜ਼ਿਮਨੀ ਚੋਣ ਲਈ ਚੋਣ ਮੈਦਾਨ ਵਿੱਚ ਉਤਰੇ 14 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਜਿੱਥੇ 194 ਪੋਲਿੰਗ ਸਟੇਸ਼ਨਾਂ ’ਤੇ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਖ਼ਾਲਸਾ ਕਾਲਜ (ਲੜਕੀਆਂ) ਲੁਧਿਆਣਾ ਤੋਂ ਪੋਲਿੰਗ ਪਾਰਟੀਆਂ ਭੇਜਣ ਦੀ ਨਿਗਰਾਨੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਹਿਮਾਂਸ਼ੂ ਜੈਨ ਜਿਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਪੱਛਮੀ ਹਲਕੇ ਵਿੱਚ 175469 ਵੋਟਰ ਹਨ ਜਿਨ੍ਹਾਂ ਵਿੱਚ 90088 ਪੁਰਸ਼, 85371 ਔਰਤਾਂ, 10 ਤੀਜਾ ਲਿੰਗ ਅਤੇ ਹੋਰ ਸ਼ਾਮਲ ਹਨ ਜੋ 19 ਜੂਨ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਦੱਸਿਆ ਕਿ ਪੋਲਿੰਗ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਲਗਪਗ 776 ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਨਾਲ ਹੀ 194 ਪੋਲਿੰਗ ਪਾਰਟੀਆਂ ਪੋਲਿੰਗ ਬੂਥਾਂ ’ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਨੇ ਸਮੁੱਚੇ ਚੋਣ ਅਮਲੇ ਨੂੰ ਆਪਣੀਆਂ ਡਿਊਟੀਆਂ ਪੂਰੀ ਲਗਨ ਨਾਲ ਨਿਭਾਉਣ ਲਈ ਕਿਹਾ ਤਾਂ ਜੋ ਵੋਟਰ ਆਪਣੀ ਵੋਟ ਸੁਚਾਰੂ ਅਤੇ ਮੁਸ਼ਕਲ ਰਹਿਤ ਪਾ ਸਕਣ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰਿਆਂ ਦੇ ਮੋਢਿਆਂ ’ਤੇ ਪੂਰੀ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਪੂਰਾ ਕਰਨ ਦੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਇਸ ਪ੍ਰਕਿਰਿਆ ਵਿੱਚ ਪੋਲਿੰਗ ਪਾਰਟੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਇਹ ਵੀ ਕਿਹਾ ਕਿ ਪੋਲਿੰਗ ਪਾਰਟੀਆਂ ਅਤੇ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਸਹੂਲਤ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਗਏ ਹਨ। ਵਿਸ਼ੇਸ਼ ਪ੍ਰਬੰਧਾਂ ਵਿੱਚ ਟੈਂਟ, ਕੁਰਸੀਆਂ, ਠੰਡਾ ਪਾਣੀ, ਪੱਖੇ, ਵਹੀਲਚੇਅਰ ਅਤੇ ਰੈਂਪ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਮਨੀ ਚੋਣ ਲਈ 10 ਮਾਡਲ ਪੋਲਿੰਗ ਬੂਥ, ਇੱਕ ਗੁਲਾਬੀ ਪੋਲਿੰਗ ਬੂਥ, ਇੱਕ ਹਰਾ ਪੋਲਿੰਗ ਬੂਥ ਅਤੇ ਇੱਕ ਪੋਲਿੰਗ ਬੂਥ ਖਾਸ ਤੌਰ ’ਤੇ ਪੀ.ਡਬਲਿਊ.ਡੀ ਲਈ ਸਥਾਪਤ ਕੀਤਾ ਗਿਆ ਹੈ। ਹਿਮਾਂਸ਼ੂ ਜੈਨ ਨੇ ਵੋਟਰਾਂ ਨੂੰ ਚੋਣਾਂ ਵਾਲੇ ਦਿਨ ਵੱਡੀ ਗਿਣਤੀ ਵਿੱਚ ਵੋਟ ਪਾਉਣ ਲਈ ਬਾਹਰ ਆ ਕੇ ਵੋਟ ਪਾਉਣ ਦਾ ਇੱਕ ਨਵਾਂ ਰਿਕਾਰਡ ਕਾਇਮ ਕਰਨ ਲਈ ਉਤਸ਼ਾਹਿਤ ਕੀਤਾ। ਇਸ ਤੋਂ ਪਹਿਲਾਂ, 194 ਪੋਲਿੰਗ ਪਾਰਟੀਆਂ ਨੂੰ ਖਾਲਸਾ ਕਾਲਜ ਫਾਰ (ਲੜਕੀਆਂ) ਤੋਂ ਜੀ.ਪੀ.ਐਸ ਫਿੱਟ ਵਾਹਨਾਂ ਵਿੱਚ ਉਨ੍ਹਾਂ ਦੇ ਸਬੰਧਤ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਗਿਆ ਸੀ।