ਕਾਂਗਸੀ ਸਮਰਥਕਾਂ ਤੇ ਮਮਤਾ ਆਸ਼ੂ ਨੇ ਰਾਸ਼ਨ ਦਾ ਭਰਿਆ ਟਰੱਕ ਫੜਿਆ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਇੱਥੇ ਦੇ ਜਵਾਹਰ ਨਗਰ ਕੈਂਪ ਇਲਾਕੇ ਵਿੱਚ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਤੇ ਪੁਲੀਸ ਵਿਚਾਲੇ ਹੋਈ ਝੜਪ ਤੋਂ ਬਾਅਦ ਸਾਬਕਾ ਮੰਤਰੀ ਦੀ ਪਤਨੀ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਆਪਣੇ ਸਮਰਥਕਾਂ ਨਾਲ ਰਲ ਕੇ ਰਾਸ਼ਨ ਨਾਲ ਇੱਕ ਭਰਿਆ ਟਰੱਕ ਕਾਬੂ ਕੀਤਾ।
ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਕਈ ਥਾਣਿਆਂ ਦੇ ਸੀਨੀਅਰ ਪੁਲੀਸ ਅਧਿਕਾਰੀ ਅਤੇ ਪੁਲੀਸ ਫੋਰਸ ਉੱਥੇ ਪਹੁੰਚ ਗਏ। ਪੁਲੀਸ ਦੇ ਸਾਹਮਣੇ ਟਰੱਕ ਡਰਾਈਵਰ ਨੇ ਕਿਹਾ ਕਿ ਉਹ ਖੰਨਾ ਤੋਂ ਟਰੱਕ ਲੈ ਕੇ ਆਇਆ ਸੀ ਅਤੇ ਉਸ ਨੇ ਕੁੱਝ ਰਾਸ਼ਨ ਇੱਕ ਔਰਤ ਦੇ ਘਰ ਛੱਡਿਆ ਸੀ। ਕਾਂਗਰਸੀ ਸਮਰਥਕਾਂ ਨੇ ਟਰੱਕ ਨੂੰ ਘੇਰ ਲਿਆ। ਜਦੋਂ ਪੁਲੀਸ ਨੇ ਟਰੱਕ ਨੂੰ ਜਾਣ ਦੇਣ ਦੀ ਗੱਲ ਕੀਤੀ ਤਾਂ ਕਾਂਗਰਸੀ ਸਮਰਥਕ ਅੜੇ ਰਹੇ ਅਤੇ ਕਿਹਾ ਕਿ ਉਨ੍ਹਾਂ ਨੂੰ ਹੁਣ ਪੁਲੀਸ ’ਤੇ ਵਿਸ਼ਵਾਸ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਆਰਓ ਨੂੰ ਬੁਲਾਇਆ ਜਾਵੇ, ਉਸ ਤੋਂ ਬਾਅਦ ਹੀ ਟਰੱਕ ਛੱਡਿਆ ਜਾਵੇਗਾ।
ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟਰੱਕ ਵਿੱਚੋਂ ਰਾਸ਼ਨ ਉਤਾਰਿਆ ਜਾ ਰਿਹਾ ਹੈ। ਜਦੋਂ ਉਹ ਆਪਣੇ ਸਾਥੀਆਂ ਨਾਲ ਉੱਥੇ ਪਹੁੰਚੀ ਤਾਂ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਬਾਅਦ ਵਿੱਚ ਡਰਾਈਵਰ ਨੂੰ ਫੜ ਲਿਆ ਗਿਆ। ਮਮਤਾ ਆਸ਼ੂ ਨੇ ਕਿਹਾ ਕਿ ਡਰਾਈਵਰ ਨੇ ਦੱਸਿਆ ਸੀ ਕਿ ਇਹ ਰਾਸ਼ਨ ਖੰਨਾ ਤੋਂ ਆਇਆ ਹੈ। ਦੇਰ ਰਾਤ ਰਾਸ਼ਨ ਵੀ ਫੜਿਆ ਗਿਆ। ਮਮਤਾ ਆਸ਼ੂ ਨੇ ਦੋਸ਼ ਲਗਾਇਆ ਕਿ ‘ਆਪ’ ਸਰਕਾਰ ਚੋਣਾਂ ਜਿੱਤਣ ਲਈ ਕੁਝ ਵੀ ਕਰਨ ਦੀ ਹੱਦ ਤੱਕ ਚਲੀ ਗਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲੀਸ ਸਰਕਾਰ ਦੀ ਕਠਪੁਤਲੀ ਬਣ ਗਈ ਹੈ। ਉਹ ‘ਆਪ’ ਦੇ ਵਾਲੰਟੀਅਰਾਂ ਵਜੋਂ ਕੰਮ ਕਰ ਰਹੇ ਹਨ। ਸਰਕਾਰ ਵੱਲੋਂ ਲੋਕਤੰਤਰ ਦਾ ਕਤਲ ਕੀਤਾ ਜਾ ਰਿਹਾ ਹੈ। ਮਮਤਾ ਆਸ਼ੂ ਨੇ ਕਿਹਾ ਕਿ ਪੁਲੀਸ ਨੂੰ ਉਸ ਘਰ ਬਾਰੇ ਦੱਸਿਆ ਗਿਆ ਹੈ ਜਿਸ ਵਿੱਚ ਰਾਸ਼ਨ ਉਤਾਰਿਆ ਗਿਆ ਸੀ, ਪਰ ਪੁਲੀਸ ਨੇ ਕੋਈ ਜਾਂਚ ਨਹੀਂ ਕੀਤੀ। ਪੁਲੀਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਹੈ, ਇਸ ਲਈ ਡਰਾਈਵਰ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਹੁਣ ਪੁਲੀਸ ਕਹਿ ਰਹੀ ਹੈ ਕਿ ਟਰੱਕ ਜਬਤ ਕਰ ਲਿਆ ਹੈ ਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।