ਆਸ਼ੂ ਦੀ ਲੜਾਈ ਦਾ ਪਤਾ ਲੱਗਣ ’ਤੇ ਜਵਾਹਰ ਨਗਰ ਕੈਂਪ ਪੁੱਜੇ ਬਿੱਟੂ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਜੂਨ
ਜਵਾਹਰ ਨਗਰ ਕੈਂਪ ਵਿੱਚ ਪੁਲੀਸ ਤੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਵਿਚਾਲੇ ਹੋਈ ਝੜਪ ਦੀ ਖ਼ਬਰ ਮਿਲਦੇ ਹੀ ਉਨ੍ਹਾਂ ਦੇ ਪੁਰਾਣੇ ਦੋਸਤ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਜਵਾਹਰ ਨਗਰ ਕੈਂਪ ਪੁੱਜ ਗਏ। ਹਾਲਾਂਕਿ ਉਹ ਕਾਰ ਤੋਂ ਹੇਠਾਂ ਨਹੀਂ ਉਤਰੇ ਅਤੇ ਨਾ ਹੀ ਆਸ਼ੂ ਨੂੰ ਮਿਲਣ ਗਏ, ਪਰ ਚਰਚਾ ਇਹ ਸੀ ਕਿ ਆਸ਼ੂ ਦਾ ਸਾਥ ਦੇਣ ਲਈ ਭਾਵੇਂ ਲੋਕਲ ਕਾਂਗਰਸੀ ਨਹੀਂ ਆਏ, ਪਰ ਆਸ਼ੂ ਦੇ ਪੁਰਾਣੇ ਦੋਸਤ ਉਸ ਦਾ ਸਾਥ ਦੇਣ ਦੇ ਲਈ ਆ ਗਏ। ਹਾਲਾਂਕਿ, ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਖੁਦ ਆਸ਼ੂ ਨੂੰ ਮਿਲਣ ਨਹੀਂ ਸਗੋਂ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਆਪਣੇ ਵਰਕਰਾਂ ਦੀ ਰੱਖਿਆ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਲੋਕਾਂ ਵਿੱਚ ਰਾਸ਼ਨ ਵੰਡ ਰਹੀ ਹੈ। ਲੋਕ ਵੀ ਸਿਆਣੇ ਹਨ। ਉਹ ਲੋਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਨ ਕਿ ਉਹ ਘਰ ਵਿੱਚ ਦੋ ਮਹੀਨਿਆਂ ਲਈ ਰਾਸ਼ਨ ਭਰ ਲੈਣ ਤੇ ਫਿਰ ਜਿਥੇ ਉਨ੍ਹਾਂ ਦਾ ਮਨ ਕਹਿੰਦਾ ਹੈ, ਉਸ ਪਾਰਟੀ ਨੂੰ ਵੋਟ ਦੇ ਦੇਣ।
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪੁਲੀਸ ਨਾਲ ਲੜਾਈ ਹੋ ਗਈ ਅਤੇ ਆਸ਼ੂ ਉੱਥੇ ਕੁਰਸੀ ’ਤੇ ਬੈਠ ਗਿਆ। ਉਨ੍ਹਾਂ ਦੇ ਹਲਕੇ ਦੇ ਕਈ ਵਰਕਰ ਜਵਾਹਰ ਨਗਰ ਕੈਂਪ ਵਿੱਚ ਪਹੁੰਚ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਂਗਰਸੀ ਆਗੂ ਏਕਤਾ ਦੀ ਗੱਲ ਕਰਦੇ ਹਨ ਅਤੇ ਆਸ਼ੂ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹਨ, ਉਨ੍ਹਾਂ ਵਿੱਚੋਂ ਅੱਜ ਆਸ਼ੂ ਦੇ ਝਗੜੇ ਤੋਂ ਬਾਅਦ ਇੱਕ ਵੀ ਆਗੂ ਨਜ਼ਰ ਨਹੀਂ ਆਇਆ। ਜਵਾਹਰ ਨਗਰ ਕੈਂਪ ਵਿੱਚ ਆਸ਼ੂ ਇਕੱਲੇ ਹੀ ਰਹੇ। ਬਿੱਟੂ ਨੇ ਕਿਹਾ ਕਿ ਉਮੀਦਵਾਰ ਨਾਲ ਹੱਥੋਪਾਈ ਕਰਨਾ ਗਲਤ ਹੈ। ਚੋਣ ਕਮਿਸ਼ਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਪਹਿਲਾਂ ਹੀ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਹੀ ਹੈ। ਇਹ ਜ਼ਬਰਦਸਤੀ ਚੋਣ ਜਿੱਤਣਾ ਚਾਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਜਿੰਨਾ ਚਾਹੇ ਰਾਸ਼ਨ ਲੈ ਸਕਦੇ ਹਨ, ਪਰ ਆਪਣੀ ਸਮਝ ਅਨੁਸਾਰ ਵੋਟ ਪਾਉਣ। ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਬਿੱਟੂ ਨੇ ਕਿਹਾ ਕਿ ਆਸ਼ੂ ਪਹਿਲਾਂ ਹੀ ਇਕੱਲਾ ਹੈ ਅਤੇ ਅੱਜ ਵੀ ਇਕੱਲਾ ਲੜ ਰਿਹਾ ਹੈ। ਨਾ ਤਾਂ ਪੰਜਾਬ ਕਾਂਗਰਸ ਮੁਖੀ ਅਤੇ ਨਾ ਹੀ ਸਥਾਨਕ ਆਗੂ ਆਸ਼ੂ ਦੇ ਨਾਲ ਹਨ। ਆਸ਼ੂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਉਮੀਦਵਾਰ ਨੂੰ ਵੋਟ ਦੇਣ।