ਪੰਜਾਬ ਸਿੱਖਿਆ ਕ੍ਰਾਂਤੀ: ਮੁੰਡੀਆਂ ਵੱਲੋਂ ਚਾਰ ਸਕੂਲਾਂ ’ਚ ਵਿਕਾਸ ਪ੍ਰਾਜੈਕਟ ਲੋਕ ਅਰਪਣ
ਲੁਧਿਆਣਾ, 30 ਅਪਰੈਲ
ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਚਾਰ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 71.66 ਲੱਖ ਰੁਪਏ ਦੇ ਬੁਨਿਆਦੀ ਢਾਂਚਾ ਵਿਕਾਸ ਪ੍ਰਾਜੈਕਟ ਲੋਕ ਅਰਪਣ ਕੀਤੇ। ਸਰਕਾਰੀ ਪ੍ਰਾਇਮਰੀ ਸਕੂਲ (ਜੀਪੀਐੱਸ) ਰਾਮਗੜ੍ਹ, ਕੁਹਾੜਾ, ਭਾਗਪੁਰ ਅਤੇ ਸਰਕਾਰੀ ਹਾਈ ਸਕੂਲ (ਜੀਐੱਚਐੱਸ) ਭਾਗਪੁਰ ਵਿੱਚ ਉਦਘਾਟਨ ਕੀਤੇ ਗਏ।
ਜੀਪੀਐੱਸ ਰਾਮਗੜ੍ਹ ਵਿੱਚ 23.66 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਸਮਾਰਟ ਕਲਾਸਰੂਮ ਬਣਾਏ ਗਏ। ਇਸੇ ਤਰ੍ਹਾਂ ਜੀਪੀਐੱਸ ਕੁਹਾੜਾ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਦੋ ਸਮਾਰਟ ਕਲਾਸਰੂਮ ਬਣਾਏ ਗਏ। ਜੀਪੀਐੱਸ ਭਾਗਪੁਰ ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਚਾਰ ਸਮਾਰਟ ਕਲਾਸਰੂਮ ਬਣਾਏ ਗਏ ਅਤੇ ਜੀਐੱਚਐੱਸ ਭਾਗਪੁਰ ਵਿੱਚ 3 ਲੱਖ ਰੁਪਏ ਦੀ ਲਾਗਤ ਨਾਲ ਇੱਕ ਚਾਰਦੀਵਾਰੀ ਬਣਾਈ ਗਈ।
ਉਦਘਾਟਨ ਸਮਾਰੋਹਾਂ ਦੌਰਾਨ ਮੰਤਰੀ ਮੁੰਡੀਆਂ ਨੇ ਪੰਜਾਬ ਸਿੱਖਿਆ ਕ੍ਰਾਂਤੀ ਪਹਿਲਕਦਮੀ ਤਹਿਤ 2,000 ਕਰੋੜ ਰੁਪਏ ਦੇ ਨਿਵੇਸ਼ ਰਾਹੀਂ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਇਹ ਪ੍ਰੋਗਰਾਮ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ’ਤੇ ਕੇਂਦਰਿਤ ਕਰਦਾ ਹੈ ਜਿਸ ਵਿੱਚ ਆਧੁਨਿਕ ਸਕੂਲ ਇਮਾਰਤਾਂ, ਸਮਾਰਟ ਕਲਾਸਰੂਮ, ਅੱਪਡੇਟ ਕੀਤੇ ਫਰਨੀਚਰ, ਅਤਿ-ਆਧੁਨਿਕ ਪ੍ਰਯੋਗਸ਼ਾਲਾਵਾਂ, ਸੁਰੱਖਿਅਤ ਚਾਰਦੀਵਾਰੀਆਂ, ਸਾਫ਼ ਪੀਣ ਵਾਲਾ ਪਾਣੀ ਅਤੇ ਚੰਗੀ ਤਰ੍ਹਾਂ ਲੈਸ ਲਾਇਬ੍ਰੇਰੀਆਂ ਸ਼ਾਮਲ ਹਨ।