ਆਸ਼ੂ ਦੇ ਹੱਕ ’ਚ ਚਰਨਜੀਤ ਚੰਨੀ ਵੱਲੋਂ ਰੋਡ ਸ਼ੋਅ
ਗਗਨਦੀਪ ਅਰੋੜਾ
ਲੁਧਿਆਣਾ, 17 ਜੂਨ
ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਮੰਗਲਵਾਰ ਨੂੰ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਰੋਡ ਸ਼ੋਅ ਕੱਢਿਆ ਗਿਆ। ਗੱਡੀ ਵਿੱਚ ਸਵਾਰ ਭਾਰਤ ਭੂਸ਼ਣ ਆਸ਼ੂ ਦਾ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਵਿਧਾਨ ਸਭਾ ਪੱਛਮੀ ਹਲਕੇ ਦਾ ਵਿਧਾਇਕ ਆਸ਼ੂ ਵਰਗਾ ਹੋਵੇ ਦੇ ਨਾਅਰੇ ਵੀ ਪੂਰੇ ਰੋਡ ਸ਼ੋਅ ਵਿੱਚ ਗੁੰਜਦੇ ਰਹੇ। ਰੋਡ ਸ਼ੋਅ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਸਹਿ-ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ ਸ਼ਰਮਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਅਮਲਾ, ਸਾਬਕਾ ਵਿਧਾਇਕ ਇੰਦਰਜੀਤ ਬੁਲਾਰੀਆ ਸਣੇ ਸਥਾਨਕ ਲੋਕ ਮੌਜੂਦ ਸਨ।
ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਪੱਛਮੀ ਹਲਕੇ ਵਿਧਾਨਸਭਾ ਦੇ ਲੋਕਾਂ ਦਾ ਲੰਬੇ ਚੋਣ ਪ੍ਰਚਾਰ ਦੌਰਾਨ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਲੋਕਾਂ ਦੇ ਮਿਲੇ ਪਿਆਰ ਤੇ ਭਾਵੁਕ ਹੋਏ ਆਸ਼ੂ ਨੇ ਕਿਹਾ ਸੂਬਾ ਸਰਕਾਰ ਵਲੋਂ ਕਾਂਗਰਸੀ ਸਮਰਥਕਾਂ ’ਤੇ ਦਬਾਅ ਪਾਉਣ ਦੇ ਲੱਖ ਯਤਨਾਂ ਦੇ ਬਾਵਜੂਦ ਉਹ ਮੈਦਾਨ ਵਿੱਚ ਡਟੇ ਰਹੇ। 19 ਜੂਨ ਨੂੰ ਝੂਠ ਅਤੇ ਡਰ ਦੇ ਰਾਜ ਦਾ ਅੰਤ ਤੈਅ ਹੈ। ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੋਕ ਵਿਰੋਧੀ ਸਰਕਾਰ ਵਿਰੁੱਧ ਆਮ ਲੋਕਾਂ ਵਿੱਚ ਗੁੱਸੇ ਦੀ ਜਵਾਲਾ ਭੜਕ ਰਹੀ ਹੈ। । ਸੂਬੇ ਵਿੱਚ ਅਮਨ ਕਾਨੂੰਨ ਠੱਪ ਹੋਇਆ ਪਿਆ ਹੈ ਅਤੇ ਆਮ ਨਾਗਰਿਕ ਸਹਿਮ ਵਿੱਚ ਹੈ। ਸੂਬਾ ਸਰਕਾਰ ਨੇ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਹਾਰ ਸਵੀਕਾਰ ਕਰ ਲਈ ਹੈ। ਚੋਣ ਪ੍ਰਚਾਰ ਦੌਰਾਨ, ਮੰਗਲਵਾਰ ਨੂੰ ਦਰਜਨਾਂ ਪੁਲੀਸ ਮੁਲਾਜ਼ਮਾਂ ਨੇ ਸਥਾਨਕ ਸਰਗੋਧਾ ਕਲੋਨੀ ਵਿੱਖੇ ਕਾਂਗਰਸ ਨਾਲ ਜੁੜੇ ਇੱਕ ਟਕਸਾਲੀ ਪਰਿਵਾਰ ਦੀ ਰਿਹਾਇਸ਼ ਸਣੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਕਾਂਗਰਸੀ ਵਰਕਰਾਂ ਨੂੰ ਡਰਾਇਆ-ਧਮਕਾਇਆ।
ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਪੱਛਮੀ ਉਪ ਚੋਣ ਵਿੱਚੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਚੋਣ ਮੈਦਾਨ ਛੱਡ ਕੇ ਭੱਜ ਗਏ ਹਨ। ‘ਆਪ’ ਉਮੀਦਵਾਰ ਸੰਜੀਵ ਅਰੋੜਾ ਇਕੱਲੇ ਰਹਿ ਗਏ। ਉਨ੍ਹਾਂ ਕਿਹਾ ਕਿ ਇਹ ਉਪ ਚੋਣ ਆਮ ਆਦਮੀ ਪਾਰਟੀ ਵੱਲੋਂ ਨਹੀਂ ਸਗੋਂ ਸਰਕਾਰੀ ਮਸ਼ੀਨਰੀ ਵੱਲੋਂ ਲੜੀ ਜਾ ਰਹੀ ਹੈ।