ਮਲੇਰੀਆ ਦਿਵਸ: ਸਿਵਲ ਹਸਪਤਾਲ ’ਚ ਜਾਗਰੂਕਤਾ ਮੁਹਿੰਮ
ਸਮਰਾਲਾ, 24 ਅਪਰੈਲ
ਸਿਵਲ ਹਸਪਤਾਲ ਸਮਰਾਲਾ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਤਾਰਕਜੋਤ ਸਿੰਘ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫਸਰ ਡਾ. ਤਾਰਕਜੋਤ ਸਿੰਘ ਨੇ ਦੱਸਿਆ ਕਿ ਮਲੇਰੀਆ ਦਿਵਸ ਹਰ ਸਾਲ 25 ਅਪਰੈਲ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਬੁਖ਼ਾਰ ਹੋਣ ਦੀ ਸੂਰਤ ਵਿੱਚ ਆਪਣੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਅਤੇ ਇਹ ਜਾਂਚ ਤੇ ਇਸ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਲਟੀਪਰਪਜ਼ ਹੈਲਥ ਵਰਕਰ ਪ੍ਰਦੀਪ ਕੁਮਾਰ ਵੱਲੋਂ ਸ਼ਹਿਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਾਏ ਗਏ। ਉਨ੍ਹਾਂ ਦੱਸਿਆ ਕਿ ਸਾਨੂੰ ਹਰ ਸ਼ੁੱਕਰਵਾਰ ਨੂੰ ਡਰਾਈ ਡੇਅ ਵਜੋਂ ਮਨਾਉਣਾ ਚਾਹੀਦਾ ਹੈ, ਇਸ ਦਿਨ ਲੋਕਾਂ ਨੂੰ ਘਰਾਂ ਵਿੱਚ ਰੱਖੇ ਕੂਲਰਾਂ, ਫਰਿੱਜਾਂ ਦੀਆ ਟਰੇਆਂ, ਗ਼ਮਲਿਆਂ, ਟਾਇਰਾਂ, ਪਾਣੀ ਦੇ ਕਨਟੇਨਰਾਂ ਵਿੱਚ ਪਾਣੀ ਖੜ੍ਹਨ ਨਹੀਂ ਦੇਣਾ ਚਾਹੀਦਾ ਹੈ ਅਤੇ ਧੁੱਪ ਲਗਾਉਣੀ ਚਾਹੀਦੀ ਹੈ। ਇਸ ਮੌਕੇ ਐੱਸਐੱਮਓ ਡਾਕਟਰ ਤਾਰਕਜੋਤ ਸਿੰਘ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਸਮਰਾਲਾ ਦੀ ਟੀਮ ਵੱਲੋਂ ਲੁਧਿਆਣਾ ਨਰਸਿੰਗ ਇੰਸਟੀਚਿਊਟ ਆਫ ਨਰਸਿੰਗ ਕਾਲਜ ਕਟਾਣੀ ਕਲਾਂ ਦੇ ਵਿਦਿਆਰਥੀਆਂ ਨਾਲ ਮਿਲ ਕੇ ਸਮਰਾਲਾ ਸ਼ਹਿਰ ਵਿੱਚ ਲੋਕਾਂ ਨੂੰ ਮਲੇਰੀਏ ਸਬੰਧੀ ਜਾਗਰੂਕ ਕਰਨ ਲਈ ਰੈਲੀ ਕੱਢੀ ਗਈ।