ਡਾ. ਅੰਬੇਡਕਰ ਦੀ ਵਿਚਾਰਧਾਰਾ ਬਾਰੇ ਕਿਤਾਬਚੇ ਵੰਡੇ
ਨਿੱਜੀ ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 14 ਅਪਰੈਲ
ਐੱਸਸੀ/ਬੀਸੀ ਭਲਾਈ ਮੰਚ ਪਮਾਲ ਵੱਲੋਂ ਭਾਰਤ ਰਤਨ ਤੇ ਦਲਿਤਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਦਾ 134ਵਾਂ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਭ ਤੋਂ ਪਹਿਲਾਂ ਡਾ. ਅੰਬੇਡਕਰ ਦੀ ਤਸਵੀਰ ’ਤੇ ਪਤਵੰਤਿਆਂ ਨੇ ਫੁੱਲ ਪੱਤੀਆਂ ਭੇਟ ਕੀਤੀਆਂ। ਭਲਾਈ ਮੰਚ ਦੇ ਪ੍ਰਧਾਨ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਜਤਿੰਦਰ ਸਿੰਘ ਪਮਾਲ ਨੇ ਕਿਹਾ ਕਿ ਡਾ. ਅੰਬੇਡਕਰ ਪ੍ਰਸਿੱਧ ਸਿਆਸਤਦਾਨ, ਮਹਾਨ ਸਮਾਜ ਸੁਧਾਰਕ ਅਤੇ ਸੰਵਿਧਾਨ ਨਿਰਮਾਤਾ ਸਨ। ਉਨ੍ਹਾਂ ਆਪਣਾ ਸਾਰਾ ਜੀਵਨ ਦਲਿਤਾਂ, ਕਮਜ਼ੋਰ ਵਰਗਾਂ ਅਤੇ ਔਰਤਾਂ ਨੂੰ ਸਨਮਾਨ ਦਵਾਉਣ ਲਈ ਲਗਾ ਦਿੱਤਾ। ਉਨ੍ਹਾਂ ਜਿੱਥੇ ਸੰਵਿਧਾਨਿਕ ਅਧਿਕਾਰਾਂ ਦੀ ਵਿਵਿਸਥਾ ਪੈਦਾ ਕੀਤੀ ਉਥੇ ਉਨ੍ਹਾਂ ਆਪਣਾ ਸਾਰਾ ਸੰਘਰਸ਼ਮਈ ਜੀਵਨ ਮਨੁੱਖਤਾ ਦੀ ਭਲਾਈ ਦੇ ਨਵਨਿਰਮਾਣ ਲਈ ਅਰਪਣ ਕਰ ਦਿੱਤਾ। ਡਾ. ਸਾਹਬ ਨੇ ਦੱਬੇ-ਕੁਚਲੇ ਲੋਕਾਂ ਨੂੰ ਭਾਰਤ ਦੀ ਪ੍ਰਸ਼ਾਸ਼ਨਿਕ ਪ੍ਰਕਿਰਿਆ ਵਿੱਚ ਬਰਾਬਰ ਦੇ ਭਾਈਵਾਲ ਬਣਾ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਉਨ੍ਹਾਂ ਜਿੱਥੇ ਸਾਨੂੰ ਵੋਟ ਦਾ ਅਧਿਕਾਰ ਦਵਾਇਆ ਉਥੇ ਜਾਤ-ਪਾਤ ਰਹਿਤ ਸਮਾਜ ਸਿਰਜਣ ਲਈ ਵੀ ਸੰਘਰਸ਼ ਕੀਤਾ।
ਇਸ ਮੌਕੇ ਡਾ. ਅੰਬੇਡਕਰ ਦੇ ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ 100 ਦੇ ਲਗਭਗ ਮੁਫ਼ਤ ਕਿਤਾਬਚੇ ਵੰਡੇ ਗਏ। ਦਸਵੀਂ ਜਮਾਤ ਦੇ ਵਿਦਿਆਰਥੀ ਸੁਖਜੀਤ ਸਿੰਘ ਨੇ ਡਾ. ਸਾਹਬ ਦੇ ਜੀਵਨ ਬਾਰੇ ਬੜਾ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਸਮਾਗਮ ਦੌਰਾਨ ਮੰਚ ਦੇ ਮੀਤ ਪ੍ਰਧਾਨ ਜਗਜੀਤ ਸਿੰਘ, ਸਕੱਤਰ ਦਰਸ਼ਨ ਸਿੰਘ, ਖਜ਼ਾਨਚੀ ਬਲਵੰਤ ਸਿੰਘ ਬਿੱਲੂ ਤੋਂ ਇਲਾਵਾ ਖੁਸ਼ਪਾਲ ਸਿੰਘ, ਲਖਵੀਰ ਸਿੰਘ, ਬੇਅੰਤ ਸਿੰਘ, ਰਾਜਪਾਲ ਸਿੰਘ, ਕੈਪਟਨ ਸੋਹਣ ਸਿੰਘ, ਬਲਵਿੰਦਰ ਸਿੰਘ ਗੋਲੂ, ਰਾਵਲ ਸਿੰਘ, ਚਰਨ ਸਿੰਘ, ਹਰਬੰਸ ਸਿੰਘ ਬੰਸੀ ਤੇ ਹੋਰ ਹਾਜ਼ਰ ਸਨ।