ਖੇਲੋ ਇੰਡੀਆ ਯੂਥ ਗੇਮਜ਼ ’ਚ ਡਿਊਟੀ ਨਿਭਾਉਣਗੇ ਬਲਜਿੰਦਰ ਸਿੰਘ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 26 ਅਪਰੈਲ
ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਹਰ ਸਾਲ ਕਰਵਾਏ ਜਾਂਦੇ ਖੇਲੋ ਇੰਡੀਆ ਯੂਥ ਗੇਮਜ਼ ’ਚ ਬਲਜਿੰਦਰ ਸਿੰਘ ਤੂਰ ਮੁੜ ਤੋਂ ਕੰਪੀਟੀਸ਼ਨ ਮੈਨੇਜਰ ਦੀ ਡਿਊਟੀ ਨਿਭਾਉਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਇਸ ਵਾਰ ਬਿਹਾਰ ਵਿੱਚ ਹੋਣ ਜਾ ਰਹੀਆਂ ਖੇਲੋ ਇੰਡੀਆ ਗੇਮਜ਼-2025 ਵਿਚ 27 ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਯਤਨਾਂ ਸਦਕਾ ਪਿਛਲੇ 4 ਸਾਲਾਂ ਤੋਂ ਗਤਕਾ ਖੇਡ ਨੂੰ ਖੇਲੋ ਇੰਡੀਆ ਵਿਚ ਸ਼ਾਮਿਲ ਕੀਤਾ ਗਿਆ ਹੈ। ਬਿਹਾਰ ਰਾਜ ਦੇ ਗਯਾ ’ਚ ਸਥਿਤ ਆਈ.ਆਈ.ਐਮ. ਇੰਸਟੀਚਿਊਟ ਵਿਖੇ 5 ਮਈ ਤੋਂ 7 ਮਈ ਤੱਕ ਗੱਤਕੇ ਦੇ ਮੁਕਾਬਲੇ ਹੋਣਗੇ ਜਿਸ ’ਚ 19 ਰਾਜਾਂ ਤੋਂ 160 ਖਿਡਾਰੀ (ਲੜਕੇ ਅਤੇ ਲੜਕੀਆਂ) ਹਿੱਸਾ ਲੈਣਗੇ। ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ 15 ਮੈਂਬਰੀ ਟੈਕਨੀਕਲ ਟੀਮ ਇਨ੍ਹਾਂ ਮੁਕਾਬਲਿਆ ਵਿਚ ਰੈਫਰਸ਼ਿਪ ਕਰੇਗੀ। ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਤੂਰ ਜਿੱਥੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਵਿਚ ਬਤੌਰ ਜਨਰਲ ਸਕੱਤਰ ਦੇ ਅਹੁਦੇ ’ਤੇ ਨਿਯੁਕਤ ਹਨ ਅਤੇ ਆਪਣੇ ਸਮੇਂ ਦੇ ਵਧੀਆ ਗਤਕਾ ਖਿਡਾਰੀ ਰਹੇ ਹਨ, ਉੱਥੇ ਹੀ ਮੱਧ ਪ੍ਰਦੇਸ਼, ਗੋਆ, ਤਾਮਿਲਨਾਡੂ, ਰਾਜਸਥਾਨ ਵਿਚ ਹੋਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਬਤੌਰ ਸੀ.ਐੱਮ. ਡਿਊਟੀ ਨਿਭਾ ਚੁੱਕੇ ਹਨ। ਇਸ ਵਾਰ ਫਿਰ ਤੋਂ ਬਤੌਰ ਸੀ.ਐੱਮ. ਚੁਣੇ ਜਾਣ ’ਤੇ ਉਨ੍ਹਾਂ ਨੇ ਫੈਡਰੇਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਅਤੇ ਕਾਰਜਕਾਰੀ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਦਾ ਧੰਨਵਾਦ ਵੀ ਕੀਤਾ।