ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਪੁਲੀਸ ਚੌਕੀ ਅੱਗੇ ਡਟੇ ਕਿਸਾਨ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 29 ਅਪਰੈਲ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸੰਘੇ ਦੇ ਵਾਸੀ ਜਗਤਾਰ ਸਿੰਘ ਦੇ ਪੁੱਤਰ ਮਨਪ੍ਰੀਤ ਸਿੰਘ ਦੀ ਲੰਘੀ 2 ਅਪਰੈਲ ਨੂੰ ਸ਼ੱਕੀ ਹਾਲਤ ਵਿਚ ਮੌਤ ਹੋ ਗਈ ਸੀ ਜਿਸ ’ਤੇ ਪੁਲੀਸ ਨੇ ਹਾਦਸੇ ਦਾ ਮਾਮਲਾ ਦਰਜ ਕਰ ਲਿਆ ਸੀ। ਪੀੜਤ ਪਰਿਵਾਰ ਵਲੋਂ ਪੁਲੀਸ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦੇ ਕੇ ਇਨਸਾਫ਼ ਦੀ ਮੰਗ ਕੀਤੀ ਗਈ ਸੀ ਕਿ ਇਹ ਹਾਦਸਾ ਨਹੀਂ ਬਲਕਿ ਲੁਟੇਰਿਆਂ ਵਲੋਂ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਅੱਜ ਕਿਸਾਨ ਯੂਨੀਅਨ ਕਾਦੀਆਂ ਵਲੋਂ ਪਰਿਵਾਰ ਨੂੰ ਲੈ ਕੇ ਪੁਲੀਸ ਚੌਂਕੀ ਕਟਾਣੀ ਕਲਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ, ਮਨਪ੍ਰੀਤ ਸਿੰਘ ਘੁਲਾਲ, ਦਵਿੰਦਰ ਸਿੰਘ ਗਰੇਵਾਲ, ਰਮਨ ਘੁਲਾਲ, ਦਰਸ਼ਨ ਸਿੰਘ ਰੋਹਲਾ, ਕੁਲਦੀਪ ਸਿੰਘ ਗੜ੍ਹੀ, ਗੁਰਜੀਤ ਸਿੰਘ ਗੜ੍ਹੀ, ਜਸਪਾਲ ਸਿੰਘ ਜੱਜ ਅਤੇ ਪੀੜਤ ਪਰਿਵਾਰ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਇਕੱਠੇ ਹੋ ਪੁਲੀਸ ਚੌਂਕੀ ਦੇ ਬਾਹਰ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਦੀ ਮੌਤ ਕੋਈ ਹਾਦਸਾ ਨਹੀਂ ਬਲਕਿ ਇਸ ਵਿਚ ਜੋ ਵੀ ਸੱਚਾਈ ਹੈ ਉਹ ਜਾਂਚ ਕਰ ਸਾਹਮਣੇ ਲਿਆਂਦੀ ਜਾਵੇ। ਇਸ ਮੌਕੇ ਸਾਹਨੇਵਾਲ ਦੇ ਡੀਐੱਸਪੀ ਤੇ ਪੁਲੀਸ ਅਧਿਕਾਰੀਆਂ ਨੇ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਅਤੇ ਪੁਲੀਸ ਮਨਪ੍ਰੀਤ ਸਿੰਘ ਦੀ ਮੌਤ ਦੀ ਗੰਭੀਰਤਾ ਨਾਲ ਜਾਂਚ ਕਰੇਗੀ। ਕਿਸਾਨ ਆਗੂ ਹਰਦੀਪ ਸਿੰਘ ਗਿਆਸਪੁਰਾ ਨੇ ਕਿਹਾ ਕਿ ਜੇਕਰ ਦੋ ਦਿਨਾਂ ’ਚ ਇਨਸਾਫ਼ ਨਾ ਮਿਲਿਆ ਤਾਂ ਫਿਰ ਕਿਸਾਨ ਯੂਨੀਅਨ ਚੰਡੀਗੜ੍ਹ-ਲੁਧਿਆਣਾ ਮਾਰਗ ਉੱਪਰ ਪੱਕਾ ਧਰਨਾ ਲਗਾ ਦੇਵੇਗੀ।