ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਸਬੰਧੀ ਵੱਖ-ਵੱਖ ਥਾਈਂ ਸਮਾਗਮ
ਜੋਗਿੰਦਰ ਸਿੰਘ ਓਬਰਾਏ
ਖੰਨਾ, 29 ਅਪਰੈਲ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅੱਜ ਇਥੋਂ ਦੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿਖੇ ਭਗਵਾਨ ਪਰਸ਼ੂਰਾਮ ਦੇ ਜਨਮ ਉਤਸਵ ਸਬੰਧੀ ਹੋਏ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਬ੍ਰਾਹਮਣ ਸੇਵਾ ਮੰਚ ਖੰਨਾ ਦੇ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਬ੍ਰਾਹਮਣ ਸੇਵਾ ਮੰਚ ਦੀ ਸਮੁੱਚੀ ਟੀਮ ਮੌਜੂਦ ਸੀ। ਕੈਬਨਿਟ ਮੰਤਰੀ ਸੌਂਦ ਨੇ ਭਗਵਾਨ ਪਰਸ਼ੂਰਾਮ ਜੀ ਦੇ ਜਨਮ ਉਤਸਵ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਭਗਵਾਨ ਪਰਸ਼ੂਰਾਮ ਜੀ ਦਾ ਜਨਮ ਦਿਹਾੜਾ ਹੈ ਜੋ ਕਿ ਦੇਸ਼ ਭਰ, ਪੰਜਾਬ ਅਤੇ ਸਾਡੇ ਸ਼ਹਿਰ ਖੰਨਾ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬ੍ਰਾਹਮਣ ਸਮਾਜ, ਭਗਵਾਨ ਪਰਸ਼ੂਰਾਮ ਦੇ ਸ਼ਰਧਾਲੂ ਇਕੱਠੇ ਹੋ ਕੇ ਬਹੁਤ ਹੀ ਧੂਮਧਾਮ ਨਾਲ ਆਪਣੇ ਦੇਵਤੇ ਨੂੰ ਯਾਦ ਕਰਦੇ ਹੋਏ ਉਸ ਪ੍ਰਤੀ ਸ਼ਰਧਾ ਪ੍ਰਗਟ ਕਰ ਰਹੇ ਹਨ। ਮੰਤਰੀ ਸੌਂਦ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਪਰਸ਼ੂ ਰਾਮ ਦੀ ਜ਼ਿੰਦਗੀ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਇਸ ਸਮਾਜ ਵਿਚ ਸਾਨੂੰ ਕਿਸੇ ਨਾਲ ਧੱਕਾ ਹੁੰਦਾ ਦਿਸਦਾ ਹੋਵੇ ਤਾਂ ਸਾਨੂੰ ਵੀ ਉਸ ਧੱਕੇ ਅਤੇ ਬੁਰਾਈ ਖਿਲਾਫ ਡੱਟ ਕੇ ਖੜ੍ਹਨਾ ਚਾਹੀਦਾ ਹੈ ਅਤੇ ਹੋ ਰਹੇ ਧੱਕੇ ਦਾ ਵਿਰੋਧ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਸਮਾਜ ਇੱਕ ਨਰੋਆ ਅਤੇ ਚੰਗਾ ਸਮਾਜ ਬਣਿਆ ਰਹੇ। ਉਨ੍ਹਾਂ ਕਿਹਾ ਕਿ ਭਗਵਾਨ ਪਰਸ਼ੂਰਾਮ ਆਪਣਾ ਮਿਹਰ ਭਰਿਆ ਹੱਥ ਸਾਡੇ ਪੂਰੇ ਦੇਸ਼ ਵਾਸੀਆਂ ਦੇ ਸਿਰ ’ਤੇ ਬਣਾਈ ਰੱਖਣ ਤਾਂ ਕਿ ਅਸੀਂ ਉਨ੍ਹਾਂ ਦੇ ਪੂਰਨਿਆਂ ’ਤੇ ਚੱਲ ਸਕੀਏ।