ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਆੜ੍ਹਤੀਆਂ ਤੇ ਮਜ਼ਦੂਰਾਂ ਦੀ ਨੀਂਦ ਉੱਡੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 29 ਅਪਰੈਲ
ਕਣਕ ਦੀ ਆਮਦ ਤੇ ਖਰੀਦ ਦਾ ਕੰਮ ਲਗਪਗ ਨਿੱਬੜ ਜਾਣ ਤੋਂ ਬਾਅਦ ਲੱਖਾਂ ਬੋਰੀ ਕਣਕ ਦੀ ਲਿਫਟਿੰਗ ਨਾ ਹੋਣੀ ਇਕ ਵੱਡੀ ਸਮੱਸਿਆ ਬਣਨ ਲੱਗੀ ਹੈ। ਲੱਖਾਂ ਬੋਰੀ ਕਣਕ ਖੁੱਲ੍ਹੇ ਅਸਮਾਨ ਹੇਠਾਂ ਪਈ ਹੋਣ ਕਰਕੇ ਆੜ੍ਹਤੀਆਂ ਤੇ ਮਜ਼ਦੂਰਾਂ ਦੇ ਨਾਲ ਹੀ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀ ਜਾਨ ਵੀ ਕੁੜਿੱਕੀ ਵਿੱਚ ਹੈ। ਬਦਲਦੇ ਮੌਸਮ, ਤੇਜ਼ ਹਵਾਵਾਂ ਤੇ ਮੀਂਹ ਦੀ ਸੰਭਾਵਨਾ ਨੇ ਸਾਰਿਆਂ ਦੇ ਸਾਹ ਸੂਤੇ ਹੋਏ ਹਨ। ਮਾਰਕੀਟ ਕਮੇਟੀ ਜਗਰਾਉਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਜਗਰਾਉਂ ਦੀ ਮੁੱਖ ਮੰਡੀ ਅਤੇ ਇਸ ਅਧੀਨ ਪੈਂਦੀਆਂ ਪੰਦਰਾਂ ਹੋਰ ਪੇਂਡੂ ਅਨਾਜ ਮੰਡੀਆਂ ਵਿੱਚ 50 ਫ਼ੀਸਦ ਤੋਂ ਵੱਧ ਕਣਕ ਖੁੱਲ੍ਹੇ ਅਸਮਾਨ ਹੇਠਾਂ ਪਈ ਹੈ। ਇਸ ਨੂੰ ਲੈ ਕੇ ਆੜ੍ਹਤੀਆਂ, ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਮੰਡੀਆਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜਾਨ ਸੂਲੀ ’ਤੇ ਟੰਗੇ ਹੋਣ ਵਾਲੇ ਹਾਲਾਤ ਹਨ। ਮੰਡੀਆਂ ਵਿੱਚ ਲਿਫਟਿੰਗ ਦੀ ਰਫ਼ਤਾਰ ਬੇਹੱਦ ਢਿੱਲੀ ਹੋਣ ਕਾਰਨ 9 ਲੱਖ ਦੇ ਕਰੀਬ ਕਣਕ ਦੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠਾਂ ਹਨ ਜਿਨ੍ਹਾਂ ਨੂੰ ਇਸ ਸਮੇਂ ਤਕ ਗੋਦਾਮਾਂ ਵਿੱਚ ਪਹੁੰਚ ਜਾਣਾ ਚਾਹੀਦਾ ਸੀ। ਮੌਸਮ ਕਰਕੇ ਜਾਂ ਵਧੇਰੇ ਧੁੱਪ ਕਰਕੇ ਵਜ਼ਨ ਘੱਟ ਹੋਣ ਦਾ ਨੁਕਸਾਨ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਝੱਲਣਾ ਪੈ ਸਕਦਾ ਹੈ। ਏਐੱਫਐੱਸਓ ਬੇਅੰਤ ਸਿੰਘ ਹਾਂਸ ਨੇ ਕਿਹਾ ਕਿ ਸਮੇਂ ਸਿਰ ਖਰੀਦੀ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਸਭ ਤੋਂ ਵੱਧ ਨੁਕਸਾਨ ਖਰੀਦ ਏਜੰਸੀਆਂ ਦਾ ਹੋ ਰਿਹਾ ਹੈ। ਟਰਾਂਸਪੋਰਟ ਦੀ ਘਾਟ ਕਾਰਨ ਇਹ ਸਮੱਸਿਆ ਆ ਰਹੀ ਹੈ । ਦੂਜੇ ਪਾਸੇ ਆੜ੍ਹਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਕਿਹਾ ਕਿ ਚੁਕਾਈ ਨਾ ਹੋਣ ਕਰਕੇ ਮੰਡੀਆਂ ਵਿੱਚ ਕਣਕ ਰੁਲ ਰਹੀ ਹੈ ਜਿਸ ਦੇ ਨੁਕਸਾਨ ਦੀ ਭਰਪਾਈ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਰਨੀ ਪੈ ਸਕਦੀ ਹੈ।
ਐੱਸਡੀਐੱਮ ਵੱਲੋਂ ਅਨਾਜ ਮੰਡੀਆਂ ਵਿਚ ਲਿਫਟਿੰਗ ਤੇਜ਼ ਕਰਨ ਦੇ ਨਿਰਦੇਸ਼
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਸਥਾਨਕ ਅਨਾਜ ਮੰਡੀ ਅਤੇ ਇਸ ਦੇ ਉਪ ਖਰੀਦ ਕੇਂਦਰਾਂ ਵਿਚ ਕਣਕ ਦੀ ਆਮਦ ਬਿਲਕੁਲ ਘਟ ਗਈ ਹੈ ਜਦਕਿ ਫਸਲ ਦੀ ਲਿਫਟਿੰਗ ਦਾ ਕੰਮ ਅਜੇ ਬਕਾਇਆ ਪਿਆ ਹੈ। ਅੱਜ ਐੱਸ.ਡੀ.ਐੱਮ. ਸਮਰਾਲਾ ਰਜਨੀਸ਼ ਅਰੋੜਾ ਅਤੇ ਉਨ੍ਹਾਂ ਨਾਲ ਆਈ.ਏ.ਐੱਸ. ਅਧਿਕਾਰੀ ਪ੍ਰਗਤੀ ਰਾਣੀ ਨੇ ਮਾਰਕੀਟ ਕਮੇਟੀ ਮਾਛੀਵਾੜਾ ਦੇ ਦਫ਼ਤਰ ਵਿਖੇ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਅਤੇ ਢੋਆ ਢੁਆਈ ਕਰਨ ਵਾਲੇ ਠੇਕੇਦਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਐੱਸ.ਡੀ.ਐੱਮ. ਅਰੋੜਾ ਨੇ ਠੇਕੇਦਾਰ ਤੇ ਖਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਲਿਫਟਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਐੱਸ.ਡੀ.ਐੱਮ. ਰਜਨੀਸ਼ ਅਰੋੜਾ ਨੇ ਦੱਸਿਆ ਕਿ ਹੁਣ ਤੱਕ ਮਾਛੀਵਾੜਾ ਅਨਾਜ ਮੰਡੀ ਵਿਚ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ, ਮਾਰਕਫੈੱਡ, ਵੇਅਰ ਹਾਊਸ ਅਤੇ ਪਨਸਪ ਵਲੋਂ ਮਾਛੀਵਾੜਾ ਮੁੱਖ ਮੰਡੀ ਤੋਂ ਇਲਾਵਾ ਉਪ ਖਰੀਦ ਕੇਂਦਰਾਂ ਸ਼ੇਰਪੁਰ ਬੇਟ, ਲੱਖੋਵਾਲ ਕਲਾਂ, ਹੇਡੋਂ ਬੇਟ ਅਤੇ ਬੁਰਜ ਪਵਾਤ ਵਿਚ 6 ਲੱਖ 25 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 3 ਲੱਖ 51 ਹਜ਼ਾਰ 857 ਕੁਇੰਟਲ ਕਣਕ ਦੀ ਮੰਡੀਆਂ ’ਚੋਂ ਲਿਫਟਿੰਗ ਵੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਅੰਕੜਿਆਂ ਅਨੁਸਾਰ ਪਨਗ੍ਰੇਨ ਏਜੰਸੀ ਲਿਫਟਿੰਗ ਵਿਚ ਸਭ ਤੋਂ ਮੋਹਰੀ ਹੈ ਜਿਸ ਨੇ ਹੁਣ ਤੱਕ ਕਰੀਬ 87 ਹਜ਼ਾਰ ਕੁਇੰਟਲ ਕਣਕ ਖਰੀਦੀ ਅਤੇ 70 ਹਜ਼ਾਰ ਕੁਇੰਟਲ ਦੀ ਲਿਫਟਿੰਗ ਕਰ 85 ਫੀਸਦੀ ਕੰਮ ਨਿਪਟਾ ਲਿਆ ਹੈ। ਅੰਕੜਿਆਂ ਅਨੁਸਾਰ ਪਨਸਪ ਲਿਫਟਿੰਗ ਵਿਚ ਸਭ ਤੋਂ ਪਿੱਛੇ ਚੱਲ ਰਹੀ ਹੈ ਜਿਸ ’ਤੇ ਐੱਸ.ਡੀ.ਐੱਮ. ਨੇ ਢੋਆ ਢੁਆਈ ਕਰਨ ਵਾਲੇ ਠੇਕੇਦਾਰਾਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਦੀ ਲਿਫਟਿੰਗ ਬਕਾਇਆ ਰਹਿੰਦੀ ਹੈ ਉਨ੍ਹਾਂ ਨੂੰ ਵੱਧ ਤੋਂ ਵੱਧ ਟਰੱਕ ਮੁਹੱਈਆ ਕਰਵਾਏ ਜਾਣ ਤਾਂ ਜੋ ਕਣਕ ਨੂੰ ਗੁਦਾਮਾਂ ਤੱਕ ਪਹੁੰਚਾਇਆ ਜਾ ਸਕੇ।
ਮਜ਼ਦੂਰੀ ਘਟਣ ਕਾਰਨ ਮਜ਼ਦੂਰਾਂ ਦੀ ਆਮਦ ਘਟੀ
ਮੀਟਿੰਗ ਵਿਚ ਆੜ੍ਹਤੀ ਐਸੋਸ਼ੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਵਿੱਕੀ ਨੇ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦਾ ਕਿ ਪੰਜਾਬ ਦੀਆਂ ਮੰਡੀਆਂ ਵਿਚ ਮਜ਼ਦੂਰੀ ਦੇ ਭਾਅ ਘੱਟ ਹੋਣ ਕਾਰਨ ਮਜ਼ਦੂਰ ਘੱਟ ਆਏ ਹਨ ਜਿਸ ਕਾਰਨ ਆੜ੍ਹਤੀਆਂ ਤੇ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਲਿਫਟਿੰਗ ਵਿਚ ਵੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੰਡੀਆਂ ਵਿਚ ਮਜ਼ਦੂਰੀ ਦੇ ਭਾਅ ਘਟਾਏ ਤਾਂ ਜੋ ਅੱਗੇ ਤੋਂ ਮੰਡੀਆਂ ਵਿਚ ਕੋਈ ਪ੍ਰੇਸ਼ਾਨੀ ਨਾ ਆਵੇ। ਐੱਸ.ਡੀ.ਐੱਮ. ਸਮਰਾਲਾ ਨੇ ਕਿਹਾ ਕਿ ਸਰਕਾਰ ਦੇ ਸਖ਼ਤ ਨਿਰਦੇਸ਼ ਹਨ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਜਿਸ ਤਹਿਤ ਪ੍ਰਸਾਸ਼ਨ ਵਲੋਂ ਸਾਰੀਆਂ ਮੰਡੀਆਂ ਦੇ ਰੋਜ਼ਾਨਾ ਅੰਕੜੇ ਲਏ ਜਾ ਰਹੇ ਹਨ ਅਤੇ ਮੀਟਿੰਗਾਂ ਕਰ ਕੰਮ ਵਿਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਅਮਰਿੰਦਰ ਸਿੰਘ ਹੈਪੀ, ਯਾਦਵਿੰਦਰ ਸਿੰਘ, ਹਰਫੂਲ ਸਿੰਘ, ਸੰਦੀਪ ਸਿੰਘ, ਤਰਸਦੀਪ ਸਿੰਘ (ਸਾਰੇ ਖਰੀਦ ਏਜੰਸੀਆਂ ਦੇ ਨੁਮਾਇੰਦੇ), ਪ੍ਰਵੀਨ ਮੱਕੜ, ਰਣਜੀਤ ਸਿੰਘ ਜੀਤੀ, ਵੀ ਮੌਜੂਦ ਸਨ।