ਨਿਊ ਹਾਈ ਸਕੂਲ ਮਾਮਲੇ ਵਿੱਚ ਪੁਰਾਣੇ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਜੂਨ
ਲੁਧਿਆਣਾ ਦੇ ਸਰਾਭਾ ਨਗਰ ਸਥਿਤ ਨਿਊ ਹਾਈ ਸਕੂਲ ਦੀ ਕਰੋੜਾਂ ਰੁਪਏ ਦੀ ਜ਼ਮੀਨ ਵੇਚਣ ’ਤੇ ਕਿਰਾਏ ’ਤੇ ਦੇਣ ਦਾ ਮਾਮਲਾ ਭਖ਼ਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਨਿਊ ਹਾਈ ਸਕੂਲ ਐਲੂਮਨੀ ਐਸੋਸੀਏਸ਼ਨ ਦੇ ਮੈਂਬਰ ਵੀਰਵਾਰ ਨੂੰ ਸਰਾਭਾ ਨਗਰ ਸਕੂਲ ਦੇ ਬਾਹਰ ਇਕੱਠੇ ਹੋਏ ਤੇ ਜ਼ਿਲ੍ਹਾ ਪ੍ਰਸ਼ਾਸਨ, ਵਿਜੀਲੈਂਸ ਅਤੇ ਨਗਰ ਨਿਗਮ ਵਿਰੁੱਧ ਪ੍ਰਦਰਸ਼ਨ ਕੀਤਾ। ਪੁਰਾਣੇ ਵਿਦਿਆਰਥੀ ਰਾਕੇਸ਼ ਗਰਗ ਨੇ ਕਿਹਾ ਕਿ ਲੁਧਿਆਣਾ ਪੁਲੀਸ ਨੇ ਤਿੰਨ ਐਫਆਈਆਰ ਦਰਜ ਕੀਤੀਆਂ ਹਨ, ਪਰ ਹਾਲੇ ਤੱਕ ਘੁਟਾਲਾ ਕਰਨ ਵਾਲਾ ਸੁਨੀਲ ਮੜੀਆ ਤੇ ਉਸ ਦੇ ਸਾਥੀ ਗ੍ਰਿਫ਼ਤਾਰ ਨਹੀਂ ਹੋਏ। ਮਾਮਲਾ ਵਿਜੀਲੈਂਸ ਨੂੰ ਸੌਂਪੇ ਜਾਣ ਦੇ ਇੱਕ ਮਹੀਨੇ ਬਾਅਦ ਵੀ ਵਿਜੀਲੈਂਸ ਨੇ ਕਿਸੇ ਨੂੰ ਪੁੱਛਗਿੱਛ ਲਈ ਨਹੀਂ ਬੁਲਾਇਆ।
ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਗਰਗ ਨੇ ਕਿਹਾ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ਨੇ ਨਿਊ ਹਾਈ ਸਕੂਲ ਸਿਵਲ ਲਾਈਨਜ਼ ਅਤੇ ਸਰਾਭਾ ਨਗਰ ਦੀ ਜ਼ਮੀਨ ਕਿਸੇ ਹੋਰ ਸੰਸਥਾ ਨੂੰ ਅਲਾਟ ਕੀਤੀ ਸੀ ਪਰ ਮਗਰੋਂ ਸੁਨੀਲ ਮੜੀਆ ਨੇ ਸਕੂਲਾਂ ’ਤੇ ਕਬਜ਼ਾ ਕਰ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਵੇਲੇ ਕਮੇਟੀ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਉੱਪ ਪ੍ਰਧਾਨ ਤੇ ਉਨ੍ਹਾਂ ਦੇ ਭਰਾ ਸਾਬਕਾ ਕੌਂਸਲਰ ਨਰਿੰਦਰ ਸ਼ਰਮਾ ਕਾਲਾ ਮੈਂਬਰ ਸਨ ਜਿਨ੍ਹਾਂ ਇਸ ਬਾਰੇ ਕੁਝ ਨਹੀਂ ਬੋਲਿਆ।
ਗਰਗ ਨੇ ਕਿਹਾ ਕਿ ਸੁਨੀਲ ਮੜੀਆ ਨੇ ਸਰਾਭਾ ਨਗਰ ਵਿੱਚ ਟਰੱਸਟ ਵੱਲੋਂ ਨਿਊ ਹਾਈ ਸਕੂਲ ਨੂੰ ਦਿੱਤੀ ਜ਼ਮੀਨ ਵੇਚ ਦਿੱਤੀ ਜਿਸ ਮਗਰੋਂ ਉੱਥੇ ਤਿੰਨ ਹੋਰ ਸਕੂਲ ਬਣਾਏ ਗਏ। ਇਸੇ ਤਰ੍ਹਾਂ ਸਿਵਲ ਲਾਈਨਜ਼ ਵਿੱਚ ਨਿਊ ਹਾਈ ਸਕੂਲ ਦੀ ਜ਼ਮੀਨ ’ਤੇ 8 ਤੋਂ 9 ਬੰਗਲੇ ਤੇ ਪੀਜੀ ਬਣਾਏ ਗਏ ਹਨ। ਜਦਕਿ ਸਕੂਲ ਦੇ ਕੁਝ ਕਮਰਿਆਂ ਦਾ ਕਿਰਾਇਆ ਵੀ ਵਸੂਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਗਮ ਨੇ ਸਰਕਾਰੀ ਜ਼ਮੀਨਾਂ ’ਤੇ ਬਣੀਆਂ ਇਨ੍ਹਾਂ ਇਮਾਰਤਾਂ ਦੇ ਨਕਸ਼ੇ ਵੀ ਪਾਸ ਕੀਤੇ ਹਨ। ਨਰਿੰਦਰ ਕਾਲਾ ਨਾਲ ਜਦੋਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਕੁੱਝ ਰਾਜਨੀਤੀ ਕਾਰਨ ਹੋ ਰਿਹਾ ਹੈ। ਉਨ੍ਹਾਂ ਦਾ ਇਸ ਨਾਲ ਕੁੱਝ ਲੈਣਾ ਦੇਣਾ ਨਹੀਂ ਹੈ।
ਨਵਾਂ ਟਰੱਸਟ ਬਣਨ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ: ਈਓ
Advertisementਨਗਰ ਸੁਧਾਰ ਟਰੱਸਟ ਦੇ ਈਓ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਟਰੱਸਟ ਨੇ ਸੈਕਟਰੀ ਨਿਊ ਹਾਈ ਸਕੂਲ ਸਿਵਲ ਲਾਈਨਜ਼ ਨੂੰ 1966 ਵਿੱਚ 1.69 ਏਕੜ ਤੇ 1967 ’ਚ 3.12 ਏਕੜ ਜ਼ਮੀਨ ਅਲਾਟ ਕੀਤੀ ਸੀ। ਵਿਕਰੀ ਸਮਝੌਤਾ 1970 ਵਿੱਚ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼ਰਤਾਂ ਦੀ ਉਲੰਘਣਾ ਹੋਣ ਸਬੰਧੀ ਐੱਫਆਈਆਰ ਦਰਜ ਕੀਤੀ ਗਈ ਹੈ ਤੇ ਵਿਜੀਲੈਂਸ ਜਾਂਚ ਕਰ ਰਹੀ ਹੈ। ਨਿਊ ਹਾਈ ਸਕੂਲ ਵਿੱਚ ਨਵਾਂ ਟਰੱਸਟ ਬਣਾਉਣ ਸਬੰਧੀ ਟਰੱਸਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।