ਓਪਨ ਕਬੱਡੀ ’ਚ ਧਨੋਰੀ ਤੇ ਵਾਲੀਬਾਲ ਵਿੱਚ ਫਿਰੋਜ਼ਸ਼ਾਹ ਜੇਤੂ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਨੇੜਲੇ ਪਿੰਡ ਗਿੱਦੜਵਿੰਡੀ ਦੇ ਦੋ ਰੋਜ਼ਾ ਖੇਡ ਮੇਲੇ ਵਿੱਚ ਓਪਨ ਕਬੱਡੀ ਦੇ ਫਾਈਨਲ ਵਿੱਚ ਧਨੋਰੀ ਦੀ ਟੀਮ ਮੇਜ਼ਬਾਨ ਗਿੱਦੜਵਿੰਡੀ ਨੂੰ ਹਰਾ ਕੇ ਜੇਤੂ ਰਹੀ। ਇਸੇ ਤਰ੍ਹਾਂ ਵਾਲੀਬਾਲ ਵਿੱਚ ਫਿਰੋਜ਼ਸ਼ਾਹ ਦੀ ਟੀਮ ਨੇ ਖਿਤਾਬੀ ਜਿੱਤ ਦਰਜ ਕੀਤੀ। ਜੇਤੂ ਟੀਮਾਂ ਨੂੰ ਨਕਦ ਇਨਾਮ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਕਬੱਡੀ ਓਪਨ ਵਿੱਚ ਕੁੱਲ 56 ਟੀਮਾਂ ਨੇ ਅਤੇ ਕਬੱਡੀ 53 ਕਿਲੋ ਵਿੱਚ 32 ਟੀਮਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਵਾਲੀਬਾਲ ਵਿੱਚ ਵੱਖ-ਵੱਖ ਥਾਵਾਂ ਤੋਂ 14 ਟੀਮਾਂ ਨੇ ਸ਼ਮੂਲੀਅਤ ਕੀਤੀ।
ਕਬੱਡੀ ਓਪਨ ਦਾ ਫਸਵਾਂ ਮੈਚ ਮੇਜ਼ਬਾਨ ਗਿੱਦੜਵਿੰਡੀ ਅਤੇ ਧਨੋਰੀ ਵਿਚਕਾਰ ਹੋਇਆ ਜਿਸ ਵਿੱਚ ਧਨੋਰੀ ਦੀ ਟੀਮ ਜੇਤੂ ਰਹੀ। ਕਬੱਡੀ 53 ਕਿਲੋ ਵਿੱਚ ਮੇਜ਼ਬਾਨ ਗਿੱਦੜਵਿੰਡੀ ਦੀ ਟੀਮ ਕਿਸ਼ਨਪੁਰਾ ਨੂੰ ਹਰਾ ਕੇ ਖਿਤਾਬ ਜਿੱਤ ਵਿੱਚ ਕਾਮਯਾਬ ਹੋਈ। ਕਬੱਡੀ 35 ਕਿਲੋ ਵਿੱਚ ਪੁੱਜੀਆਂ ਚਾਲੀ ਟੀਮਾਂ ਵਿੱਚੋਂ ਫਾਈਨਲ ਭੇੜ ਰਾਮੂਵਾਲਾ ਤੇ ਗਿੱਦੜਵਿੰਡੀ ਵਿਚਕਾਰ ਹੋਇਆ ਜਿਸ ਵਿੱਚ ਰਾਮੂਵਾਲਾ ਜੇਤੂ ਰਿਹਾ। ਵਾਲੀਬਾਲ ਵਿੱਚ ਮੱਲਵਾਲਾ ਨੂੰ ਹਰਾ ਕੇ ਫਿਰੋਜ਼ਸ਼ਾਹ ਨੇ ਖਿਤਾਬੀ ਜਿੱਤ ਦਰਜ ਕੀਤੀ। ਚੱਕ ਕਲਾਂ ਦੀ ਟੀਮ ਵਾਲੀਬਾਲ ਵਿੱਚ ਤੀਸਰੇ ਸਥਾਨ ’ਤੇ ਰਹੀ। ਜੇਤੂ ਟੀਮਾਂ ਨੂੰ ਇਨਾਮਾਂ ਵੀ ਵੰਡ ਪ੍ਰਬੰਧਕਾਂ ਨੇ ਮੁੱਖ ਮਹਿਮਾਨਾਂ ਨਾਲ ਮਿਲ ਕੇ ਕੀਤੀ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਇੰਜਨੀਅਰ ਜਗਦੀਪ ਸਿੰਘ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਯੂਥ ਕਾਂਗਰਸ ਪ੍ਰਧਾਨ ਮਨੀ ਗਰਗ, ਸੁਖਵਿੰਦਰ ਸਿੰਘ ਸਿੱਧੂ ਤੋਂ ਇਲਾਵਾ ਕੌਂਸਲਰ ਮੇਸ਼ੀ ਸਹੋਤਾ, ਸੁਖਦੇਵ ਸਿੰਘ ਸ਼ੇਰਪੁਰ, ਗੁਰਜੀਤ ਗੀਟਾ, ਸਾਬਕਾ ਸਰਪੰਚ ਜਗਜੀਤ ਸਿਘ, ਸਰਪੰਚ ਸੁਖਦੇਵ ਸਿੰਘ ਸੇਬੀ, ਪੰਚ ਅਮਨਦੀਪ ਖਹਿਰਾ, ਅਜੈਬ ਸਿੰਘ ਖਹਿਰਾ, ਸ਼ੁਰੇਸ ਗਰਗ, ਕੁਲਦੀਪ ਸਿੰਘ ਗਿੱਲ, ਪ੍ਰਧਾਨ ਦਰਸ਼ਨ ਸਿੰਘ, ਨੰਬਰਦਾਰ ਅਵਤਾਰ ਸਿੰਘ, ਨੰਬਰਦਾਰ ਮਲਕੀਤ ਸਿੰਘ, ਨੰਬਰਦਾਰ ਠਾਕਰ ਸਿੰਘ, ਐਡਵੋਕੇਟ ਗੁਰਤੇਜ ਗਿੱਲ ਤੇ ਹੋਰ ਹਾਜ਼ਰ ਸਨ।