ਪਾਰਕਿੰਗ ਵਿਵਾਦ: ਪਤੀ ਦੀ ਮੁਅੱਤਲੀ ਦੇ ਸਦਮੇ ’ਚ ਪਤਨੀ ਦੀ ਮੌਤ
ਗਗਨਦੀਪ ਅਰੋੜਾ
ਲੁਧਿਆਣਾ, 24 ਅਪਰੈਲ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਾਰ ਹਟਾਉਣ ਨੂੰ ਲੈ ਕੇ ‘ਆਪ’ ਆਗੂ ਅਤੇ ਪੀਏਯੂ ਮੁਲਾਜ਼ਮ ਅਮਰੀਕ ਸਿੰਘ ਵਿਚਕਾਰ ਹੋਏ ਵਿਵਾਦ ਤੋਂ ਬਾਅਦ ਅੱਜ ਮੁਲਾਜ਼ਮ ਦੀ ਪਤਨੀ ਦੀ ਸਦਮੇ ਨਾਲ ਸਵੇਰੇ ਲਗਭਗ 5.30 ਵਜੇ ਮੌਤ ਹੋ ਗਈ। ਜਿਵੇਂ ਹੀ ਇਹ ਖ਼ਬਰ ਪੀਏਯੂ ਪੁੱਜੀ ਤਾਂ ਯੂਨੀਅਨ ਦੇ ਸਾਰੇ ਮੈਂਬਰ ਮੁਲਾਜ਼ਮ ਦੇ ਘਰ ਪਹੁੰਚ ਗਏ ਜਿੱਥੇ ਅਮਰੀਕ ਸਿੰਘ ਨੇ ‘ਆਪ’ ਆਗੂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ। ਅਮਰੀਕ ਸਿੰਘ ਨੇ ਕਿਹਾ ਕਿ ਉਸਨੇ ਆਪਣੀ ਪਤਨੀ ਨੂੰ ਕੁੱਝ ਨਹੀਂ ਦੱਸਿਆ ਸੀ, ਪਰ ਜਦੋਂ ਉਸ ਦੀ ਪਤਨੀ ਨੂੰ ਵੀਡੀਓ ਰਾਹੀਂ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਪ੍ਰੇਸ਼ਾਨ ਹੋ ਗਈ। ਭਾਵੇਂ ਅਮਰੀਕ ਸਿੰਘ ਦੀ ਪਤਨੀ ਪਹਿਲਾਂ ਹੀ ਬਿਮਾਰ ਸੀ, ਪਰ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੀ ਕਿ ਉਸਦੇ ਪਤੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਉਹ ਘਰ ਦੇ ਖਰਚੇ ਕਿਵੇਂ ਚਲਾਏਗੀ। ਇਸ ਮੁੱਦੇ ’ਤੇ ਵਧਦੇ ਵਿਵਾਦ ਦਰਮਿਆਨ ਸਰਕਾਰ ਤੇ ਪੀਏਯੂ ਪ੍ਰਸ਼ਾਸਨ ਨੇ ਯੂ-ਟਰਨ ਲੈ ਲਿਆ ਹੈ। ਸਰਕਾਰ ਨੇ ਮੁਅੱਤਲ ਕੀਤੇ ਅਮਰੀਕ ਸਿੰਘ ਨੂੰ ਬਹਾਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਹਾਲਾਂਕਿ, ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਮਰੀਕ ਸਿੰਘ ਨੂੰ ਬੁੱਧਵਾਰ ਨੂੰ ਹੀ ਬਹਾਲ ਕਰ ਦਿੱਤਾ ਗਿਆ ਸੀ, ਪਰ ਅਮਰੀਕ ਸਿੰਘ ਆਪਣੀ ਪਤਨੀ ਦੀ ਮੌਤ ਲਈ ‘ਆਪ’ ਨੇਤਾ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ ਤੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਮੁਲਾਜ਼ਮ ਅਮਰੀਕ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ‘ਆਪ’ ਆਗੂ ਨੂੰ ਸਿਰਫ਼ ਆਪਣੀ ਕਾਰ ਸਿੱਧੀ ਪਾਰਕਿੰਗ ਵਿੱਚ ਖੜ੍ਹੀ ਕਰਨ ਲਈ ਕਿਹਾ ਸੀ। ਉਸ ਦੀ ਪਤਨੀ ਨੂੰ ਉਸ ਦੀ ਮੁਅੱਤਲੀ ਸਬੰਧੀ ਕਾਰਵਾਈ ਬਾਰੇ ਪਤਾ ਨਹੀਂ ਸੀ। ਉਸਦੀ ਪਤਨੀ ਬਿਮਾਰ ਸੀ ਤੇ ਉਹ ਉਸ ਨੂੰ ਹੋਰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦਾ ਸੀ। ਉਸ ਦੀਆਂ ਦੋ ਧੀਆਂ ਵਿਦੇਸ਼ ਵਿੱਚ ਰਹਿੰਦੀਆਂ ਹਨ, ਇਸ ਲਈ ਵੀਡੀਓ ਦੇਖਣ ਤੋਂ ਬਾਅਦ ਉਨ੍ਹਾਂ ਆਪਣੀ ਮਾਂ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਜਿਸ ’ਤੇ ਉਸਨੂੰ ਇਸ ਕਾਰਵਾਈ ਬਾਰੇ ਪਤਾ ਲੱਗਿਆ। ਇਸ ਤੋਂ ਬਾਅਦ ਉਸਨੇ ਆਪਣੀ ਪਤਨੀ ਨੂੰ ਸਭ ਕੁਝ ਦੱਸ ਦਿੱਤਾ।
ਮੁਲਾਜ਼ਮ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਰਾਤ ਨੂੰ ਇਕੱਠੇ ਖਾਣਾ ਖਾਧਾ ਅਤੇ ਆਪਣੀ ਪਤਨੀ ਨੂੰ ਸਵੇਰੇ ਪੰਜ ਵਜੇ ਏਸੀ ਬੰਦ ਕਰਨ ਲਈ ਕਿਹਾ ਸੀ ਜਿਸ ਤੋਂ ਬਾਅਦ ਉਹ ਬਾਥਰੂਮ ਗਈ ਅਤੇ ਜਦੋਂ ਉਹ ਕਮਰੇ ਵਿੱਚ ਵਾਪਸ ਆਈ ਤਾਂ ਡਿੱਗਕੇ ਬੇਹੋਸ਼ ਹੋ ਗਈ। ਜਦੋਂ ਤੱਕ ਉਹ ਕੁਝ ਕਰ ਸਕਦਾ ਸੀ, ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਅਕਾਲੀ ਆਗੂ ਪਰਉਪਕਾਰ ਸਿੰਘ ਘੁੰਮਣ ਵੀ ਦੁੱਖ ਪ੍ਰਗਟਾਉਣ ਲਈ ਪੁੱਜੇ। ਉਨ੍ਹਾਂ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ।
‘ਆਪ’ ਆਗੂ ਖ਼ਿਲਾਫ਼ ਪਾਰਟੀ ਕਾਰਵਾਈ ਕਰਨ ਦੀ ਤਿਆਰੀ ’ਚ
ਆਮ ਆਦਮੀ ਪਾਰਟੀ ਦੇ ਆਗੂ ਨਾਲ ਹੋਏ ਝਗੜੇ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ। ਇਸ ਨਾਲ ‘ਆਪ’ ਸਰਕਾਰ ਨੂੰ ਬਹੁਤ ਨਮੋਸ਼ੀ ਹੋਈ। ਇਸ ਤੋਂ ਇਲਾਵਾ ਪੱਛਮੀ ਹਲਕੇ ਵਿੱਚ ਜ਼ਿਮਨੀ ਚੋਣ ਹੈ ਅਤੇ ਇਸ ਕਾਰਨ ਸਰਕਾਰ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ। ਇਸ ਕਰਕੇ ਅੱਜ ਪਾਰਟੀ ਵੱਲੋਂ ਇਹ ਗੱਲ ਜਾਰੀ ਕੀਤੀ ਗਈ ਕਿ ‘ਆਪ’ ਆਗੂ ਤੇ ਪਾਰਟੀ ਆਪਣੇ ਪੱਧਰ ’ਤੇ ਕਾਰਵਾਈ ਕਰੇਗੀ। ਹਾਲਾਂਕਿ, ਇਹ ਕਾਰਵਾਈ ਕੀ ਹੋਵੇਗੀ, ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।Advertisementਐਡਵੋਕੇਟ ਘੁੰਮਣ ਨੇ ਕੇਸ ਦਰਜ ਕਰਨ ਦੀ ਮੰਗ ਕੀਤੀ
ਲੁਧਿਆਣਾ (ਖੇਤਰੀ ਪ੍ਰਤੀਨਿਧ): ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਨੇ ਕਿਹਾ ਕਿ ਪਿਛਲੇ ਦਿਨੀਂ ਪੀਏਯੂ ਅਥਾਰਟੀ ਵੱਲੋਂ ਜੇਐੱਲਏ ਨੂੰ ਮੁਅੱਤਲ ਕਰਨ ਦੇ ਵਿਰੋਧ ਵਿੱਚ ਪੀਏਯੂ ਕਰਮਚਾਰੀ ਯੂਨੀਅਨ ਵੱਲੋਂ ਲਏ ਗਏ ਫੈਸਲੇ ਅਨੁਸਾਰ ਰੈਲੀ ਕਰਨ ਜਾ ਰਹੇ ਮੁਲਾਜ਼ਮਾਂ ਨੂੰ ਵੀ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਇਸ ਧੱਕੇਸ਼ਾਹੀ ਅਤੇ ਸਰਕਾਰ ਦੀ ਵਧੀਕੀ ਦੀਆਂ ਖ਼ਬਰਾਂ ਜਦੋਂ ਅਖਬਾਰਾਂ ਅਤੇ ਟੀਵੀ ਚੈਨਲਾਂ ਦੇ ਨਾਲ ਨਾਲ ਸੋਸ਼ਲ ਮੀਡੀਆ ’ਤੇ ਚੱਲੀਆਂ ਤਾਂ ਇਹ ਮੁਲਾਜ਼ਮ ਦੀ ਪਤਨੀ ਤੱਕ ਪਹੁੰਚ ਗਈ ਜਿਸ ਦਾ ਉਸ ਨੂੰ ਡੂੰਘਾ ਸਦਮਾ ਲੱਗਾ। ਉਨ੍ਹਾਂ ਕਿਹਾ ਕਿ ਇਸ ਸਦਮੇ ਕਾਰਨ ਉਹ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਐਡਵੋਕੇਟ ਘੁੰਮਣ ਨੇ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਨੂੰ ਸਮਝਦੇ ਹੋਏ ਕੇਸ ਦਰਜ ਹੋਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਨੂੰ ਪੂਰਨ ਇਨਸਾਫ਼ ਮਿਲ ਸਕੇ।