ਸਕੂਲ ਦੇ ਕਮਰੇ ਹੋਮਗਾਰਡ ਤੋਂ ਛੁਡਾਏ ਬਿਨਾਂ ਸਿੱਖਿਆ ਕ੍ਰਾਂਤੀ ਕਾਗਜ਼ੀ ਕਰਾਰ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 14 ਅਪਰੈਲ
ਇਥੇ ਪ੍ਰੋਗਰੈਸਿਵ ਲਾੲਬਿਰੇਰੀ ਵਿੱਚ ਜਨਤਕ ਜਥੇਬੰਦੀਆਂ ਦੀ ਅੱਜ ਇਕੱਤਰਤਾ ਹੋਈ ਜਿਸ ਵਿੱਚ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਕ ਪਾਸੇ ਸਿੱਖਿਆ ਕ੍ਰਾਂਤੀ ਤਹਿਤ ਪਖਾਨਿਆਂ ਦੀ ਮੁਰੰਮਤ ਸਮੇਤ ਹੋਰ ਵਿਕਾਸ ਕਾਰਜਾਂ ਦੇ ਉਦਘਾਟਨਾਂ ਦੀ ਮੁਹਿੰਮ ਵਿੱਢੀ ਹੋਈ ਹੈ ਅਤੇ ਦੂਜੇ ਪਾਸੇ ਸਥਾਨਕ ਸਰਕਾਰੀ ਪ੍ਰਾਇਮਰੀ ਬੇਸਿਕ ਸਕੂਲ ਦੇ ਕਮਰਿਆਂ ਤੋਂ ਹੋਮਗਾਰਡ ਦਾ ਕਬਜ਼ਾ ਨਹੀਂ ਛੁਡਾ ਹੋ ਰਿਹਾ। ਡਿਪਟੀ ਕਮਿਸ਼ਨ ਦੇ ਪੰਦਰਾਂ ਦਿਨ ਵਿੱਚ ਕਬਜ਼ਾ ਛੁਡਾ ਕੇ ਕਮਰੇ ਸਕੂਲ ਹਵਾਲੇ ਕਰਨ ਦੇ ਹੁਕਮਾਂ ਜਾਰੀ ਹੋਇਆਂ ਵੀ ਕਈ ਮਹੀਨੇ ਬੀਤ ਗਏ ਹਨ ਪਰ ਇਹ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ। ਅਜਿਹੇ ਵਿੱਚ ਸਿੱਖਿਆ ਕ੍ਰਾਂਤੀ ਸਿਰਫ ਦਿਖਾਵੇ ਦੀ ਤੇ ਜਾਅਲੀ ਹੀ ਕਹੀ ਜਾਵੇਗੀ।
ਸੰਘਰਸ਼ ਕਮੇਟੀ ਦੇ ਕਨਵੀਨਰ ਅਵਤਾਰ ਸਿੰਘ ਤੇ ਜੋਗਿੰਦਰ ਆਜ਼ਾਦ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਛੋਟੇ ਕੰਮ ਦਾ ਵੱਧ ਰੌਲਾ ਪਾ ਕੇ ਅਗਾਮੀ ਚੋਣਾਂ ਵਿੱਚ ਸਿਆਸੀ ਲਾਹਾ ਲੈਣ ਦੀ ਤਾਕ ਵਿੱਚ ਹੈ। ਪਰ ਜ਼ਮੀਨੀ ਹਕੀਕਤਾਂ ਉਲਟ ਹਨ ਜਿਨ੍ਹਾਂ ਨੂੰ ਇਸ ਰੌਲੇ ਵਿੱਚ ਲੁਕਾਉਣ ਦੇ ਯਤਨ ਕੀਤੇ ਜਾ ਰਹੇ ਹਨ। ਦਿੱਲੀ ਵਿੱਚ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਘਬਰਾਈ ਹੋਈ ਆਮ ਆਦਮੀ ਪਾਰਟੀ ਨੂੰ ਇਕਲੌਤਾ ਸੂਬਾ ਪੰਜਾਬ ਵੀ ਹੱਥੋਂ ਖੁੱਸਣ ਦਾ ਡਰ ਸਤਾ ਰਿਹਾ ਹੈ ਅਤੇ ਇਸੇ ਡਰ ਵਿੱਚ ਇਹ ਇਕ ਤੋਂ ਬਾਅਦ ਇਕ ਮੁਹਿੰਮ ਵਿੱਢੀ ਰਹੀ ਹੈ ਜਿਨ੍ਹਾਂ ਵਿੱਚੋਂ ਕੁਝ ਪੁੱਠੀ ਪੈਂਦੀ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਦੇ ਬੱਚਿਆਂ ਤੇ ਸਟਾਫ਼ ਨੂੰ ਇਨ੍ਹਾਂ ਕਮਰਿਆਂ ਦੀ ਸਖ਼ਤ ਲੋੜ ਹੈ ਜਿਨ੍ਹਾਂ ਉੱਪਰ ਸੱਤ ਅੱਠ ਸਾਲ ਤੋਂ ਹੋਮਗਾਰਡ ਕਾਬਜ਼ ਹੈ। ਇਹ ਕਮਰੇ ਖਾਲੀ ਕਰਵਾਉਣ ਲਈ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜਨਤਕ ਜਥੇਬੰਦੀਆਂ ਕਈ ਮਹੀਨੇ ਤੋਂ ਸੰਘਰਸ਼ਸ਼ੀਲ ਹੈ। ਧਰਨੇ ਲਾਉਣ, ਰੋਸ ਮਾਰਚ ਕਰਨ ਅਤੇ ਲਿਖਤੀ ਤੌਰ ’ਤੇ ਸ਼ਿਕਾਇਤਾਂ ਦੇ ਬਾਵਜੂਦ ਪਰਨਾਲਾ ਉਥੇ ਹੀ ਹੈ। ਇਕ ਵਾਰ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਬੇਸਿਕ ਪ੍ਰਾਇਮਰੀ ਸਕੂਲ ਤੋਂ ਕਬਜ਼ਾ ਛੁਡਾਉਣ ਦੇ ਬੀਤੀ 20 ਸਤੰਬਰ ਨੂੰ ਆਦੇਸ਼ ਵੀ ਦਿੱਤੇ। ਇਨ੍ਹਾਂ ਹੁਕਮਾਂ 'ਤੇ ਅਮਲ ਪੰਦਰਾਂ ਦਿਨ ਅੰਦਰ ਹੋਣਾ ਸੀ ਪਰ ਅੱਜ ਸੱਤ ਮਹੀਨੇ ਬਾਅਦ ਵੀ ਸਰਕਾਰ, ਪੁਲੀਸ ਤੇ ਸਿਵਲ ਪ੍ਰਸ਼ਾਸਨ ਬੇਵੱਸ ਹੀ ਨਜ਼ਰ ਆਉਂਦਾ ਹੈ। ਇਉਂ ਜਾਪਦਾ ਹੈ ਜਿਵੇਂ ਹੋਮਗਾਰਡ ਦੀ ਤਾਕਤ ਇਨ੍ਹਾਂ ਸਾਰਿਆਂ ਤੋਂ ਉੱਪਰ ਦੀ ਹੈ।
ਸੰਘਰਸ਼ ਕਮੇਟੀ ਨੇ ਅੱਜ ਫ਼ੈਸਲਾ ਕੀਤਾ ਕਿ ਇਕ ਵਾਰ ਫੇਰ ਨਵੇਂ ਆਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੂੰ ਮਿਲਿਆ ਜਾਵੇ। ਜੋਗਿੰਦਰ ਆਜ਼ਾਦ ਨੇ ਦੱਸਿਆ ਕਿ ਐਸਡੀਐਮ ਦਫ਼ਤਰ ਵਲੋਂ ਸੁਵਿਧਾ ਕੇਂਦਰ ਵਿੱਚ ਹੋਮਗਾਰਡ ਦਫ਼ਤਰ ਸ਼ਿਫਟ ਕਰਨ ਦੀ ਪ੍ਰਵਾਨਗੀ ਮੰਗੀ ਹੈ। ਉਧਰ ਸਿੱਖਿਆ ਵਿਭਾਗ ਨੇ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਸਥਿਤੀ ਬਿਆਨ ਵਿੱਚ ਲਿਖਿਆ ਹੈ ਕਿ ਅੱਠ ਸਾਲਾਂ ਵਿੱਚ ਬੱਚਿਆਂ ਦੀ ਗਿਣਤੀ 128 ਤੋਂ ਵਧ ਕੇ 300 ਹੋ ਗਈ ਹੈ ਅਤੇ ਇਸੇ ਕਰਕੇ ਕਮਰਿਆਂ ਦੀ ਘਾਟ ਹੈ। ਸਕੂਲ ਕੋਲ ਦਫ਼ਤਰ, ਸਟੋਰ, ਲਰਨਿੰਗ ਲੈਬ ਲਈ ਕੋਈ ਕਮਰਾ ਨਹੀਂ ਹੈ। ਦੋ ਕਮਰੇ ਖਸਤਾ ਹਾਲਤ ਵਿੱਚ ਅਤੇ ਅਣਸੁਰੱਖਿਅਤ ਹਨ। ਇਸ ਲਈ ਸਿੱਖਿਆ ਕ੍ਰਾਂਤੀ ਇਹ ਕਮਰੇ ਖਾਲੀ ਕਰਵਾਏ ਬਿਨਾਂ ਅਧੂਰੀ ਹੈ। ਇਸ ਮੌਕੇ ਬਲਦੇਵ ਸਿੰਘ ਰਸੂਲਪੁਰ, ਹਰਭਜਨ ਸਿੰਘ, ਰਮੇਸ਼ ਕੁਮਾਰ, ਹਰਜਿੰਦਰ ਸਿੰਘ, ਚੰਦਰ ਮੋਹਨ, ਬਲਵਿੰਦਰ ਸਿੰਘ ਪਟਵਾਰੀ ਵੀ ਹਾਜ਼ਰ ਸਨ।