ਕਰਜ਼ਾ ਲਾਹੁਣ ਲਈ ਖ਼ੁਦ ਦੇ ਅਗਵਾ ਹੋਣ ਦੀ ਕਹਾਣੀ ਘੜੀ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ
ਪੈਸੇ ਦੇਣ ਤੋਂ ਬਚਣ ਲਈ ਦਿੱਲੀ ਦੇ ਵਸਨੀਕ ਨੌਜਵਾਨ ਨੇ ਇਥੇ ਲੁਧਿਆਣਾ ਸ਼ਹਿਰ ਵਿੱਚ ਆਪਣੇ ਸਹੁਰੇ ਘਰ ਆ ਕੇ ਖ਼ੁਦ ਦੇ ਅਗਵਾ ਹੋਣ ਦੀ ਕਹਾਣੀ ਘੜੀ। ਉਸ ਨੇ ਆਪਣੀ ਭੈਣ ਤੇ ਭਰਾ ਨੂੰ ਵਾਰ-ਵਾਰ ਮੈਸੇਜ ਕਰ ਕੇ 10 ਲੱਖ ਰੁਪਏ ਦੀ ਮੰਗ ਕੀਤੀ। ਪਰ ਭੈਣ-ਭਰਾ ਵੱਲੋਂ ਪੁਲੀਸ ਨੂੰ ਸੂਚਿਤ ਕਰਨ ਮਗਰੋਂ ਸਾਰੀ ਕਹਾਣੀ ਸਾਹਮਣੇ ਆ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਦਿੱਲੀ ਵਾਸੀ ਸ਼ੁਭਮ ਉਪਾਧਿਆਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਅਨੁਸਾਰ ਸ਼ੁਭਮ ਦੇ ਭਰਾ ਅਰਵਿੰਦ ਨੇ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਕੁਝ ਦਿਨ ਪਹਿਲਾਂ ਉਸ ਦਾ ਭਰਾ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿੱਚ ਆਪਣੇ ਸਹੁਰੇ ਪਰਿਵਾਰ ਮਿਲਣ ਆਇਆ ਸੀ। ਅਗਲੇ ਦਿਨ ਉਹ ਦਿੱਲੀ ਜਾਣ ਲਈ ਘਰੋਂ ਤਾਂ ਨਿਕਲਿਆ ਪਰ ਦਿੱਲੀ ਪੁੱਜਿਆ ਨਹੀਂ। ਸ਼ੁਭਮ ਦੇ ਘਰ ਨਾ ਪੁੱਜਣ ’ਤੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਆਰੰਭੀ। ਇਸ ਦੌਰਾਨ ਸ਼ੁਭਮ ਦੇ ਭਰਾ ਤੇ ਭੈਣ ਨੂੰ ਵਾਰ ਵਾਰ ਕੋਈ ਮੈਸੇਜ ਕਰ ਕੇ ਸ਼ੁਭਮ ਨੂੰ ਅਗਵਾ ਕਰ ਲਏ ਜਾਣ ਦੀ ਗੱਲ ਆਖ ਰਿਹਾ ਸੀ ਤੇ ਦਸ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਸਭ ਦੀ ਜਾਣਕਾਰੀ ਪਰਿਵਾਰ ਨੇ ਪੁਲੀਸ ਨੂੰ ਦਿੱਤੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ੁਭਮ ਨੇ ਖ਼ੁਦ ਦੇ ਅਗਵਾ ਹੋਣ ਦੀ ਕਹਾਣੀ ਘੜੀ ਸੀ ਕਿਉਂਕਿ ਸ਼ੁਭਮ ਨੇ ਕਈ ਲੋਕਾਂ ਤੋਂ ਕਰਜ਼ਾ ਲਿਆ ਸੀ ਤੇ ਹੁਣ ਉਹ ਇਹ ਕਰਜ਼ਾ ਮੋੜਨ ਤੋਂ ਅਸਮਰੱਥ ਸੀ। ਇਸ ਤੋਂ ਬਚਣ ਲਈ ਉਸ ਨੇ ਅਗਵਾ ਹੋਣ ਬਹਾਨੇ ਭੈਣ ਤੇ ਭਰਾ ਤੋਂ ਪੈਸੇ ਲੈਣ ਦੀ ਯੋਜਨਾ ਬਣਾਈ ਸੀ। ਪੁਲੀਸ ਮੁਲਜ਼ਮ ਤੋਂ ਪੁੱਛ-ਪੜਤਾਲ ਕਰ ਰਹੀ ਹੈ।