ਗੋਵਿੰਦ ਨੈਸ਼ਨਲ ਕਾਲਜ ਵਿੱਚ ਡਿੱਗਰੀ ਤੇ ਇਨਾਮ ਵੰਡ ਸਮਾਗਮ
ਗੁਰੂਸਰ ਸੁਧਾਰ: ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿੱਚ ਡਿੱਗਰੀ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਵਿਕਾਸ ਕੌਂਸਲ ਪੰਜਾਬ ਯੂਨੀਵਰਸਿਟੀ ਦੇ ਡੀਨ ਪ੍ਰੋਫੈਸਰ ਸੰਜੇ ਕੌਸ਼ਿਕ ਨੇ ਮੁਕਾਬਲੇ ਦੇ ਦੌਰ ਵਿੱਚ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਆਪਾ ਸਿਰਜਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਡਿੱਗਰੀ ਦੀ ਪ੍ਰਾਪਤੀ ਜ਼ਿੰਦਗੀ ਦੀ ਸ਼ੁਰੂਆਤ ਹੈ ਅਤੇ ਵਿਦਿਆਰਥੀਆਂ ਨੂੰ ਚੇਤਨਾ ਦੇ ਪੱਧਰ ’ਤੇ ਕੰਮ ਕਰਕੇ ਮੁਸ਼ਕਲਾਂ ਉੱਪਰ ਕਾਬੂ ਪਾਉਣ ਲਈ ਅੱਗੇ ਵਧਣਾ ਚਾਹੀਦਾ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸੰਦੀਪ ਸਾਹਨੀ ਨੇ ਕਾਲਜ ਦੀ ਪ੍ਰਗਤੀ ਦੀ ਰਿਪੋਰਟ ਪੇਸ਼ ਕੀਤੀ। ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜੱਸੀ ਖੰਘੂੜਾ ਨੇ ਵਿਦਿਆਰਥੀਆਂ ਨੂੰ ਨੌਕਰੀ ਲੈਣ ਲਈ ਕਿੱਤਾਮੁਖੀ ਤੌਰ 'ਤੇ ਕਾਬਲ ਹੋਣ ਦੀ ਨਸੀਹਤ ਦਿੱਤੀ। ਸਮਾਗਮ ਦੌਰਾਨ 54 ਪੋਸਟ ਗ੍ਰੈਜੂਏਟ ਅਤੇ 107 ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿੱਗਰੀਆਂ ਪ੍ਰਦਾਨ ਕੀਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਭਦੀਪ ਸਿੰਘ ਗਰੇਵਾਲ, ਅਲੂਮਨੀ ਦੇ ਪ੍ਰਧਾਨ ਪ੍ਰੋਫੈਸਰ ਕੁਲਵੰਤ ਸਿੰਘ ਅਤੇ ਸਕੱਤਰ ਲਛਮਣ ਸਿੰਘ ਨੇ ਸ਼ਿਰਕਤ ਕੀਤੀ। -ਪੱਤਰ ਪ੍ਰੇਰਕ