ਠੱਗੀ ਦੇ ਦੋਸ਼ ਹੇਠ ਪ੍ਰਾਪਰਟੀ ਡੀਲਰ ਗ੍ਰਿਫ਼ਤਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ
ਕਿਸ਼ਤਾਂ ਵਿੱਚ ਪਲਾਟ ਵੇਚਣ ਬਹਾਨੇ ਲੋਕਾਂ ਤੋਂ ਲੱਖਾਂ ਰੁਪਏ ਠੱਗਣ ਤੇ ਜਾਇਦਾਦ ਵੇਚਣ ਵਾਲਿਆਂ ਨਾਲ ਧੋਖਾ ਕਰਨ ਦੇ ਮਾਮਲੇ ਵਿੱਚ ਅੱਜ ਛੇ ਦਿਨਾਂ ਬਾਅਦ ਲੁਧਿਆਣਾ ਪੁਲੀਸ ਨੇ ਪ੍ਰਾਪਰਟੀ ਡੀਲਰ ਕਰਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਜਾਇਦਾਦ ਦੇ ਨਾਂ ’ਤੇ ਕਈ ਲੋਕਾਂ ਨਾਲ ਧੋਖਾ ਕੀਤਾ ਹੈ। ਪੁਲੀਸ ਨੇ ਮੁਲਜ਼ਮ ਨੂੰ ਸ਼ੇਰਪੁਰ ਚੌਕ ਦੇ ਨੇੜੇ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਵਿਦੇਸ਼ ਭੱਜਣ ਦੇ ਉਦੇਸ਼ ਹਿਤ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਦੋ ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਆਪਣੇ ਸਾਥੀ ਨਾਲ ਮਿਲ ਕੇ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ। ਮੁਲਜ਼ਮ ਪ੍ਰਾਪਰਟੀ ਖਰੀਦ ਕੇ ਅੱਗੇ ਛੋਟੇ ਪਲਾਟ ਬਣਾ ਦਿੰਦਾ ਸੀ ਤੇ ਕਿਸ਼ਤਾ ਵਿੱਚ ਪਲਾਟ ਦੇਣ ਦੇ ਨਾਂ ’ਤੇ ਲੋਕਾਂ ਨਾਲ ਠੱਗੀ ਮਾਰਦਾ ਸੀ। ਉਸ ਨੇ ਕਈ ਪ੍ਰਾਪਰਟੀ ਕਾਰੋਬਾਰੀਆਂ ਦੇ ਪੈਸੇ ਦੇਣੇ ਹਨ, ਮੁਲਜ਼ਮ ਖ਼ਿਲਾਫ਼ ਪਿਛਲੇ ਦਿਨੀਂ ਹੀ ਪੁਲੀਸ ਨੇ 6 ਕੇਸ ਦਰਜ ਕੀਤੇ ਸਨ, ਉਸ ਦਿਨ ਤੋਂ ਹੀ ਮੁਲਜ਼ਮ ਫ਼ਰਾਰ ਸੀ।