ਟਰੈਕਟਰ ਤੇ ਮੋਟਰਸਾਈਕਲ ਚੋਰੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 4 ਮਈ
ਅਣਪਛਾਤੇ ਵਿਅਕਤੀ ਵੱਖ-ਵੱਖ ਥਾਵਾਂ ਤੋਂ ਇੱਕ ਟਰੈਕਟਰ ਤੇ ਇੱਕ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਹਨ। ਥਾਣਾ ਮੇਹਰਬਾਨ ਦੇ ਇਲਾਕੇ ਪਿੰਡ ਮੰਗਲੀ ਟਾਂਡਾ ’ਚੋਂ ਅਣਪਛਾਤੇ ਵਿਅਕਤੀ ਇੱਕ ਟਰੈਕਟਰ ਸਮੇਤ ਟਰਾਲੀ ਚੋਰੀ ਕਰਕੇ ਲੈ ਗਏ ਹਨ। ਪਿੰਡ ਮਾਹਮਦਪੁਰ ਥਾਣਾ ਸ਼ੇਰਪੁਰ ਧੂਰੀ ਵਾਸੀ ਬਲਵਿੰਦਰ ਸਿੰਘ ਦੇ ਜਾਣਕਾਰ ਗੁਰਦੀਪ ਸਿੰਘ ਵਾਸੀ ਪਿੰਡ ਮੰਗਲੀ ਖਾਸ ਨੇ ਤੂੜੀ ਬਣਾ ਕੇ ਰਾਤ ਨੂੰ ਉਸ ਦਾ ਫੋਰਡ ਟਰੈਕਟਰ ਜਾਲੀ ਵਾਲੀ ਟਰਾਲੀ ਸਣੇ ਪਿੰਡ ਮੰਗਲੀ ਟਾਂਡਾ ਪਾਣੀ ਵਾਲੀ ਟੈਂਕੀ ਦੇ ਪਿੱਛੇ ਸੂਰ ਫਾਰਮ ਦੇ ਕੋਲ ਖੇਤ ਵਿੱਚ ਖੜ੍ਹਾ ਕੀਤਾ ਸੀ, ਜਿਸ ਨੂੰ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਜੋਗਿੰਦਰ ਪਾਲ ਨੇ ਦੱਸਿਆ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਰੱਖ ਬਾਗ ਨੇੜੇ ਮੁਹੱਲਾ ਲਕਸ਼ਮੀ ਨਗਰ ਹੈਬੋਵਾਲ ਕਲਾਂ ਵਾਸੀ ਸੁਰਿੰਦਰ ਕੁਮਾਰ ਦੇ ਲੜਕੇ ਨੇ ਆਪਣਾ ਬੁਲੇਟ ਮੋਟਰਸਾਈਕਲ ਸੁਵਿਧਾ ਸੈਂਟਰ ਕੋਲ ਰੱਖ ਬਾਗ ਦੇ ਬਾਹਰ ਖੜ੍ਹਾ ਕੀਤਾ ਸੀ, ਜਿਸ ਨੂੰ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ।