ਹੜਤਾਲ ਜਾਰੀ ਰੱਖਣਗੇ ਫ਼ਰਦ ਕੇਂਦਰਾਂ ਦੇ ਮੁਲਾਜ਼ਮ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 6 ਜੂਨ
ਫ਼ਰਦ ਕੇਂਦਰ ਮਾਛੀਵਾੜਾ ਵਿਚ ਇੱਕ ਪ੍ਰਾਈਵੇਟ ਕੰਪਨੀ ਅਧੀਨ ਕੰਮ ਕਰਦੇ ਸਾਰੇ ਮੁਲਾਜ਼ਮ ਤਨਖਾਹਾਂ ਨਾ ਮਿਲਣ ਕਾਰਨ ਹੜਤਾਲ ’ਤੇ ਬੈਠੇ ਹਨ ਜਿਸ ਕਾਰਨ ਤਹਿਸੀਲ ਵਿਚ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਛੀਵਾੜਾ ਫ਼ਰਦ ਕੇਂਦਰ ਵਿਚ ਕੰਮ ਕਰਦੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਫ਼ਰਦ ਕੇਂਦਰਾਂ ਵਿਚ ਕਰੀਬ ਇੱਕ ਪ੍ਰਾਈਵੇਟ ਕੰਪਨੀ ਅਧੀਨ ਕਰੀਬ 900 ਮੁਲਾਜ਼ਮ ਬਹੁਤ ਹੀ ਘੱਟ ਤਨਖਾਹ ’ਤੇ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਨੇ ਫਰਦ ਕੇਂਦਰ ਦੇ ਪ੍ਰਾਜੈਕਟ ਨੂੰ ਨੇਪਰੇ ਚੜਾਉਣ ਲਈ ਅਣਥੱਕ ਮਿਹਨਤ ਕਰਦਿਆਂ ਦੂਰ ਦੁਰਾਡੇ ਦੇ ਪਿੰਡਾਂ ਤੋਂ ਆ ਕੇ ਬਹੁਤ ਘੱਟ ਤਨਖਾਹਾਂ ਤੇ ਦਿਨ ਰਾਤ ਇੱਕ ਕਰਕੇ ਸਾਰੇ ਪੰਜਾਬ ਦਾ ਜ਼ਮੀਨੀ ਰਿਕਾਰਡ ਆਨਲਾਈਨ ਕੀਤਾ। ਉਨ੍ਹਾਂ ਕਿਹਾ ਕਿ ਹਰ ਸਾਲ ਜਮ੍ਹਾਂਬੰਦੀਆਂ ਦਾਖਲ ਦੇ ਸਮੇਂ ਦਿਨ-ਰਾਤ ਅਪਡੇਸ਼ਨਾਂ ਕਰਨੀਆਂ, ਗਿਰਦਾਵਰੀਆਂ ਆਨਲਾਈਨ ਕਰਨ ਦੇ ਜੋ ਟਾਰਗੇਟ ਦਿੱਤੇ ਉਹ ਵੀ ਸਮੇਂ ਸਿਰ ਪੂਰੇ ਕੀਤੇ। ਇੱਥੋਂ ਤੱਕ ਜੇਕਰ ਫਰਦ ਕੇਂਦਰ ਮੁਲਾਜ਼ਮਾਂ ਦੀਆਂ ਡਿਊਟੀਆਂ ਫੀਲਡ ਵਿਚ ਲਗਾਈਆਂ ਅਤੇ ਕੋਰੋਨਾ ਮਹਾਮਾਰੀ ਦੌਰਾਨ ਵੀ ਡੱਟ ਕੇ ਕੰਮ ਕੀਤਾ। ਫਰਦ ਕੇਂਦਰ ਮੁਲਾਜ਼ਮਾਂ ਅਨੁਸਾਰ ਉਨ੍ਹਾਂ ਨੂੰ ਸਰਕਾਰ ਘਰ ਭੇਜਣ ਦੀ ਤਿਆਰੀ ਕਰ ਬੇਰੁਜ਼ਗਾਰ ਕਰ ਰਹੀ ਹੈ। ਇਸ ਲਈ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਬੇਰੁਜ਼ਗਾਰ ਨਾ ਕੀਤਾ ਜਾਵੇ ਅਤੇ ਜੋ ਬਕਾਇਆ ਤਨਖਾਹਾਂ ਹਨ ਉਹ ਤੁਰੰਤ ਅਦਾ ਕੀਤੀਆਂ ਜਾਣ।
ਮੁਲਾਜ਼ਮ ਹੜਤਾਲ ’ਤੇ ਹੋਣ ਕਾਰਨ ਫ਼ਰਦ ਆਨਲਾਈਨ ਦੀ ਸੁਵਿਧਾ ਜਾਰੀ
ਮਾਛੀਵਾੜਾ ਦੇ ਨਾਇਬ ਤਹਿਸੀਲਦਾਰ ਰਮੇਸ਼ ਕੁਮਾਰ ਅਹੂਜਾ ਨੇ ਦੱਸਿਆ ਕਿ ਫ਼ਰਦ ਕੇਂਦਰ ਮੁਲਾਜ਼ਮ ਹੜਤਾਲ ’ਤੇ ਹਨ ਜਿਸ ਕਾਰਨ ਲੋਕਾਂ ਨੂੰ ਕੁਝ ਪ੍ਰੇਸ਼ਾਨੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਦਾ ਕੰਮ ਨਾ ਰੁਕੇ ਇਸ ਲਈ ਆਨਲਾਈਨ ਫ਼ਰਦ ਦਾ ਕੰਮ ਜਾਰੀ ਹੈ ਅਤੇ ਲੋਕ ਉਸ ਨੂੰ ਕਢਵਾ ਕੇ ਕੰਮ ਕਰਵਾ ਰਹੇ ਹਨ।Advertisement