ਪਹਿਲਗਾਮ ਅਤਿਵਾਦੀ ਹਮਲੇ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 26 ਅਪਰੈਲ
ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਅਤਿਵਾਦੀ ਹਮਲੇ ਵਿਚ ਮਾਰੇ ਗਏ 28 ਨਿਰਦੋਸ਼ ਲੋਕਾਂ ਦੀ ਮੌਤ ਦੇ ਰੋਸ ਵਜੋਂ ਅੱਜ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਸੱਦੇ ’ਤੇ ਸਵੇਰੇ 9 ਵਜੇ ਤੋਂ 11 ਵਜੇ ਤੱਕ ਸ਼ਹਿਰ ਦੇ ਬਾਜ਼ਾਰ ਬੰਦ ਰੱਖ ਗਏ। ਜ਼ਿਕਰਯੋਗ ਹੈ ਕਿ ਕੱਲ੍ਹ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਲੋਂ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ 2 ਘੰਟਿਆਂ ਲਈ ਸ਼ਹਿਰ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਸੀ। ਅੱਜ ਫਿਰ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਅਗਰਵਾਲ ਧਰਮਸ਼ਾਲਾ ਵਿਚ ਇਕੱਠੇ ਹੋਏ ਅਤੇ ਬਾਅਦ ਵਿਚ ਸ਼ਹਿਰ ਵਿਚ ਪਹਿਲਗਾਮ ਵਿਚ ਅਤਿਵਾਦੀਆਂ ਵਲੋਂ ਮਾਰੇ ਗਏ 28 ਨਿਰਦੋਸ਼ ਲੋਕਾਂ ਦੀ ਹੱਤਿਆ ਦੇ ਵਿਰੋਧ ਵਿਚ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਗਿਆ। ਸੰਜੇ ਗਾਂਧੀ ਚੌਕ ਤੇ ਪਹੁੰਚ ਕੇ ਅਤਿਵਾਦੀ ਸੰਗਠਨ ਸਰਗਨਾ ਆਸਿਫ ਮੁਨੀਰ ਦਾ ਪੁਤਲਾ ਫੂਕਿਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਕਿਸੇ ਵੀ ਵਾਹਨ ਨੂੰ ਆਉਣ ਜਾਣ ਤੋਂ ਨਹੀਂ ਰੋਕਿਆ ਗਿਆ। ਸੁਰੱਖਿਆ ਦੇ ਮੱੱਦੇਨਜ਼ਰ ਸ਼ਹਿਰ ਦੇ ਮੁੱਖ ਚੌਕਾਂ ’ਤੇ ਪੁਲੀਸ ਜਵਾਨ ਤਾਇਨਾਤ ਰਹੇ। ਰੋਸ ਪ੍ਰਦਰਸ਼ਨ ਦੌਰਾਨ ਸ਼ਹਿਰ ਦੇ ਲਗਭਗ ਦੋ ਘੰਟੇ ਲਈ ਬਾਜ਼ਾਰ ਬੰਦ ਰਹੇ ਅਤੇ ਕੁੱਝ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਦੁਕਾਨਦਾਰਾਂ ਨੇ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਅਤਿਵਾਦ ਨੂੰ ਜੜ੍ਹ ਤੋਂ ਖਤਮ ਕਰਨ ਦੀ ਮੰਗ ਕੀਤੀ। ਇਸ ਮੌਕੇ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
ਲਾਇਨ ਕਲੱਬ ਵੱਲੋਂ ਹਮਲੇ ਦੀ ਨਿਖੇਧੀ
ਰਤੀਆ (ਪੱਤਰ ਪ੍ਰੇਰਕ): ਲਾਇਨਜ਼ ਕਲੱਬ ਰਤੀਆ ਟਾਊਨ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਿੰਦੂ ਸੈਲਾਨੀਆਂ ਦੀ ਹੱਤਿਆ ਦੀ ਨਿੰਦਾ ਕੀਤੀ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲਾਇਨ ਚੀਫ਼ ਵਿਜੇ ਜਿੰਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਘਟਨਾ ਲਈ ਜ਼ਿੰਮੇਵਾਰ ਕਾਤਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਲਾਇਨ ਸਤਪਾਲ ਗੋਇਲ, ਕਲੱਬ ਦੇ ਸਕੱਤਰ ਲਾਇਨ ਸ਼ਿਵ ਸੋਨੀ, ਲਾਲ ਸਿੰਘ, ਸਤਪਾਲ ਜਿੰਦਲ, ਸੁਰੇਸ਼ ਜੈਨ, ਨਰਿੰਦਰ ਗਰੋਵਰ, ਸਤਪਾਲ ਸਿੰਘ, ਰਾਜ ਕੁਮਾਰ ਮਿੱਤਲ, ਰਾਜੀਵ ਗਰਗ, ਕੀਰਤੀ ਜੈਨ ਤੇ ਵਿਨੀਤਾ ਅਗਰਵਾਲ ਆਦਿ ਹਾਜ਼ਰ ਸਨ।