For the best experience, open
https://m.punjabitribuneonline.com
on your mobile browser.
Advertisement

ਇਕ ਮੰਚ ’ਤੇ ਆਏ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ, ਨਜ਼ਰਾਂ ਤਾਂ ਮਿਲੀਆਂ ਪਰ...

01:59 PM May 03, 2025 IST
ਇਕ ਮੰਚ ’ਤੇ ਆਏ ਨਾਇਬ ਸਿੰਘ ਸੈਣੀ ਅਤੇ ਭਗਵੰਤ ਮਾਨ  ਨਜ਼ਰਾਂ ਤਾਂ ਮਿਲੀਆਂ ਪਰ
ਫੋਟੋ: ਰਵੀ ਕੁਮਾਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਚੰਡੀਗੜ੍ਹ, 3 ਮਈ

Advertisement
Advertisement

ਪੰਜਾਬ ਅਤੇ ਹਰਿਆਣਾ ਵਿਚਕਾਰ ਪਾਣੀ ਦੇ ਮਸਲੇ ਉੱਤੇ ਚੱਲ ਰਹੇ ਵਿਵਾਦ ਦੇ ਦਰਮਿਆਨ ਸ਼ਨਿਚਰਵਾਰ ਨੂੰ ਦੋਹਾਂ ਸੂਬਿਆਂ ਦੇ ਮੁੱਖ ਮੰਤਰੀ ਚੰਡੀਗੜ੍ਹ ਵਿਚ ਇੱਕੋ ਮੰਚ ’ਤੇ ਨਜ਼ਰ ਆਏ। ਚੰਡੀਗੜ੍ਹ ਵਿਚ ਨਸ਼ਿਆਂ ਦੇ ਖ਼ਿਲਾਫ਼ ਕੱਢੀ ਗਈ ਪੈਦਲ ਯਾਤਰਾ ਦੌਰਾਨ ਦੋਹਾਂ ਮੁੱਖ ਮੰਤਰੀਆਂ ਦੇ ਨਾਲ ਨਾਲ ਦੋਹਾਂ ਸੂਬਿਆਂ ਦੇ ਰਾਜਪਾਲ ਵੀ ਮੌਜੂਦ ਸਨ। ਸਟੇਜ ’ਤੇ ਭਗਵੰਤ ਮਾਨ ਅਤੇ ਨਾਇਬ ਸਿੰਘ ਸੈਣੀ ਦੀਆਂ ਅੱਖਾਂ ਤਾਂ ਮਿਲੀਆਂ ਪਰ ਦੋਹਾਂ ਨੇ ਇਕ-ਦੂਜੇ ਨਾਲ ਕੋਈ ਗੱਲ ਨਹੀਂ ਕੀਤੀ।

ਪੈਦਲ ਯਾਤਰਾ ਦੀ ਸ਼ੁਰੂਆਤ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਾਣੀ ਦੇ ਮਸਲੇ ਉੱਤੇ ਕਿਹਾ ਕਿ ਇਸ ਮਾਮਲੇ ਵਿਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਾਣੀ ਉੱਤੇ ਰਾਜਨੀਤੀ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਕ ਸਮਾਗਮ ਦੌਰਾਨ ਮੁੱਖ ਮੰਤਰੀ ਨਾਇਬ ਸੈਣੀ ਨੇ ਭਗਵੰਤ ਮਾਨ ਨੂੰ ਰਿਸ਼ਤੇਦਾਰ ਦੱਸਿਆ ਸੀ। ਦਰਅਸਲ ਭਗਵੰਤ ਮਾਨ ਦੀ ਪਤਨੀ ਪਿਹੋਵਾ (ਕੁਰੂਕਸ਼ੇਤਰ) ਦੀ ਰਹਿਣ ਵਾਲੀ ਹੈ। ਇਸ ਦਾ ਜਵਾਬ ਦਿੰਦਿਆਂ ਮਾਨ ਕਹਿ ਚੁੱਕੇ ਹਨ ਕਿ "ਹਰਿਆਣਾ ਵਾਲੇ ਤਾਂ ਧੀ ਦੇ ਘਰ ਦਾ ਪਾਣੀ ਵੀ ਨਹੀਂ ਪੀਦੇ ਅਤੇ ਮੁੱਖ ਮੰਤਰੀ ਨਾਇਬ ਸੈਣੀ ਤਾਂ ਨਹਿਰ ਮੰਗ ਰਹੇ ਹਨ।"

ਸੂਬੇ ਦੇ ਲੋਕਾਂ ਦੇ ਲੋਕਾਂ ਲਈ ਮੰਗ ਰਹੇ ਹਾਂ ਪਾਣੀ

ਸ਼ਨਿਚਰਵਾਰ ਨੂੰ ਮੀਡੀਆ ਨੇ ਜਦੋਂ ਮਾਨ ਵੱਲੋਂ ਕਹੀ ਗਈ ਗੱਲ ਸਬੰਧੀ ਮੁੱਖ ਮੰਤਰੀ ਸੈਣੀ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਨੇ ਫਿਰ ਦੁਹਰਾਇਆ ਕਿ ਮਾਨ ਸਾਡੇ ਰਿਸ਼ਤੇਦਾਰ ਹਨ, ਪਰ ਇਹ ਨਹਿਰ ਅਸੀਂ ਸਮਾਜ ਲਈ ਮੰਗ ਰਹੇ ਹਾਂ। ਉਨ੍ਹਾਂ ਕਿਹਾ, ‘‘ਪਾਣੀ ਦੀ ਲੋੜ ਸੂਬੇ ਦੇ 2 ਕਰੋੜ 80 ਲੱਖ ਲੋਕਾਂ ਨੂੰ ਹੈ ਅਤੇ ਇਹ ਮੰਗ ਉਨ੍ਹਾਂ ਲਈ ਕੀਤੀ ਜਾ ਰਹੀ ਹੈ। ਮਾਨ ਸਾਹਿਬ ਇਸ ਉੱਤੇ ਵੀ ਰਾਜਨੀਤੀ ਕਰ ਰਹੇ ਹਨ।’’

ਨਾਇਬ ਸੈਣੀ ਨੇ ਕਿਹਾ, ‘‘ਰਿਸ਼ੀ-ਮੁਨੀਆਂ ਦੀ ਪਰੰਪਰਾ ਰਹੀ ਹੈ ਕਿ ਜੋ ਵੀ ਸਾਡੇ ਘਰ ਆਵੇ, ਉਸ ਨੂੰ ਸਭ ਤੋਂ ਪਹਿਲਾਂ ਪਾਣੀ ਦਾ ਗਿਲਾਸ ਦਿੱਤਾ ਜਾਂਦਾ ਹੈ। ਇਸ ’ਤੇ ਰਾਜਨੀਤੀ ਹੋਏਗੀ, ਇਹ ਮੈਂ ਕਦੇ ਵੀ ਨਹੀਂ ਸੋਚਿਆ ਸੀ।’’

ਭਗਵੰਤ ਮਾਨ ਵੱਲੋਂ ਸਮਾਗਮ ਦੌਰਾਨ ਪਾਣੀਆਂ ਦੇ ਮੁੱਦੇ ’ਤੇ ਟਿੱਪਣੀ ਤੋਂ ਨਾਂਹ

ਹੈਰਾਨੀ ਦੀ ਗੱਲ ਹੈ ਕਿ ਪਾਣੀਆਂ ਦੇ ਮੁੱਦੇ ਉਤੇ ਪੰਜਾਬ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸਤ ਨਾ ਕਰਨ ਦੀਆਂ ਸਲਾਹਾਂ ਦੇਣ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਜਿਥੇ ਖ਼ੁਦ ਇਸ ਨਸ਼ਾ ਵਿਰੋਧੀ ਸਮਾਗਮ ਦੌਰਾਨ ਵੀ ਸਿਆਸੀ ਬਿਆਨਬਾਜ਼ੀ ਕਰਦੇ ਦਿਖਾਈ ਦਿੱਤੇ, ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਣੀਆਂ ਦੇ ਮੁੱਦੇ ਉਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ‘ਵਡੱਪਣ’ ਹੈ ਕਿ ਉਨ੍ਹਾਂ ਚੰਡੀਗੜ੍ਹ ਵਿਚ ਇਹ ਨਸ਼ਾ ਵਿਰੋਧੀ ਸਮਾਗਮ ਕਰਵਾਇਆ, ਕਿਉਂਕਿ ਉਹ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹਨ ਅਤੇ ਉਨ੍ਹਾਂ ਨੂੰ ਇਸ ਸਮਾਗਮ ਵਿਚ ਸੱਦਿਆ।

ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਛੇਤੀ ਹੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨਸ਼ਾ ਮੁਕਤ ਹੋ ਜਾਣਗੇ। ਉਨ੍ਹਾਂ ਕਿਹਾ, ‘‘ਪੰਜਾਬ ਤੇ ਹਰਿਆਣਾ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਅਤੇ ਸਾਨੂੰ ਸਿੱਖਣ ਤੇ ਪ੍ਰੇਰਨਾ ਲੈਣ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ।’’
ਉਨ੍ਹਾਂ ਕਿਹਾ ਕਿ ਇਹ ਨਸ਼ਾ ਵਿਰੋਧੀ ਸਮਾਗਮ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ, ਸਗੋਂ ਇਸ ਨੂੰ ‘ਜਨ-ਜਨ ਦਾ ਅੰਦੋਲਨ’ ਬਣਾਉਣ ਦੀ ਲੋੜ ਹੈ। ਰਾਜਪਾਲ ਕਟਾਰੀਆ ਨੇ ਵੀ ਅਜਿਹੇ ਹੀ ਵਿਚਾਰ ਪ੍ਰਗਟਾਏ। ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਪਾਣੀਆਂ ਦੇ ਮੁੱਦੇ ਉਤੇ ਸਵਾਲ ਕਰਨਾ ਚਾਹਿਆ ਤਾਂ ਸ੍ਰੀ ਮਾਨ ‘ਉਹ ਬਾਅਦ ਵਿਚ’ ਆਖ ਕੇ ਇਸ ਮਾਮਲੇ ਉਤੇ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ।

ਹਰਿਆਣਾ ਦੇ ਮੁੱਖ ਮੰਤਰੀ ਨੇ ਸਰਬ-ਪਾਰਟੀ ਮੀਟਿੰਗ ਸੱਦੀ

ਪੰਜਾਬ ਤੋਂ ਬਾਅਦ ਹੁਣ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਅੱਜ ਦੁਪਹਿਰ 2 ਵਜੇ ਹਰਿਆਣਾ ਨਿਵਾਸ ਵਿਖੇ ਸਰਬ-ਪਾਰਟੀ ਮੀਟਿੰਗ ਸੱਦੀ ਹੈ। ਇਸ ਬੈਠਕ ਵਿਚ ਭਾਜਪਾ ਤੋਂ ਇਲਾਵਾ ਕਾਂਗਰਸ, ਇਨੈਲੋ, ਜਜਪਾ, ਬਸਪਾ, ਆਮ ਆਦਮੀ ਪਾਰਟੀ ਸਮੇਤ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਹਿੱਸਾ ਲੈਣਗੇ। ਇਸ ਬੈਠਕ ਵਿੱਚ ਪੰਜਾਬ ਨਾਲ ਚੱਲ ਰਹੇ ਪਾਣੀ ਦੇ ਵਿਵਾਦ ਉੱਤੇ ਚਰਚਾ ਹੋਵੇਗੀ ਅਤੇ ਸਾਰੀਆਂ ਪਾਰਟੀਆਂ ਦੀ ਰਾਇ ਲਈ ਜਾਵੇਗੀ।

ਉਧਰ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਲੋੜ ਪੈਣ ’ਤੇ ਸੈਸ਼ਨ ਵੀ ਸੱਦਿਆ ਜਾਵੇਗਾ।

Advertisement
Author Image

Puneet Sharma

View all posts

Advertisement