ਭਾਰਤੀ ਭਾਸ਼ਾ ਸਮਿਤੀ ਵੱਲੋਂ ਵਿਸ਼ੇਸ਼ ਗੋਸ਼ਟੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਦਿਆਲ ਸਿੰਘ ਕਾਲਜ, ਦਿੱਲੀ ਦੀ ਭਾਰਤੀ ਭਾਸ਼ਾ ਸਮਿਤੀ ਵੱਲੋਂ ‘ਬੇਗਮਪੁਰਾ ਸਹਰ ਕੋ ਨਾਉ’ ਵਿਸ਼ੇ ਉਪਰ ਵਿਸ਼ੇਸ਼ ਗੋਸ਼ਟੀ ਕਰਵਾਈ ਗਈ। ਇਹ ਪ੍ਰੋਗਰਾਮ ਗਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ। ਇਸ ਗੋਸ਼ਟੀ ਵਿਚ ਵੱਖ-ਵੱਖ ਰਾਜਾਂ ਅਤੇ ਯੂਨੀਵਰਸਿਟੀਆਂ ਦੇ ਬੁੱਧੀਜੀਵੀਆਂ ਨੇ ਆਪਣੇ ਖੋਜ-ਪੱਤਰ ਪੇਸ਼ ਕੀਤੇ। ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਵਿਨੋਦ ਕੁਮਾਰ ਪਾਲੀਵਾਲ ਨੇ ਆਪਣੇ ਸੁਆਗਤੀ ਸ਼ਬਦਾਂ ਰਾਹੀਂ ਸਭ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਸਮੇਂ ਸਮੇਂ ਸਿਰ ਅਜਿਹੇ ਸੰਤਾਂ-ਮਹਾਪੁਰਸ਼ਾਂ ਦੇ ਕੀਤੇ ਕਾਰਜਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦੇ ਰਹਿਣਾ ਚਾਹੀਦਾ ਹੈ। ਇਸ ਮਗਰੋਂ ਪ੍ਰੋਗਰਾਮ ਦੀ ਰੂਪਰੇਖਾ ਬਾਰੇ ਜਾਣੂ ਕਰਾਉਂਦਿਆਂ ਭਾਰਤੀ ਭਾਸ਼ਾ ਸਮਿਤੀ ਦੇ ਕਨਵੀਨਰ ਡਾ. ਕਮਲ ਜੀਤ ਸਿੰਘ ਨੇ ਕਿਹਾ ਕਿ ਗੁਰੂ ਰਵਿਦਾਸ ਦਾ ਇਸ ਸਮਾਜ ਨੂੰ ਖੂਬਸੂਰਤ ਬਣਾਉਣ ਲਈ ਇਕ ਬਹੁਤ ਵੱਡਾ ਯੋਗਦਾਨ ਹੈ। ਉਹ ਬੇਗਮਪੁਰਾ ਵਰਗੇ ਸ਼ਹਿਰ ਦੀ ਪਰਿਕਲਪਨਾ ਕਰਦੇ ਸਨ। ਇਸ ਤੋਂ ਬਾਅਦ ਡਾ. ਹਰਜਿੰਦਰ ਸਿੰਘ, ਸੈਂਟਰਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼, ਧਰਮਸ਼ਾਲਾ ਨੇ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕੀਤਾ। ਉਨ੍ਹਾਂ ਨੇ ਗੁਰੂ ਰਵਿਦਾਸ ਦੇ ਬੇਗਮਪੁਰਾ ਸੰਕਲਪ ਬਾਰੇ ਅਹਿਮ ਨੁਕਤਿਆਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ ਤੇ ਉਨ੍ਹਾਂ ਦੁਆਰਾ ਰਚੀ ਗਈ ਬਾਣੀ ਦੀਆਂ ਵੀ ਉਦਾਹਰਣਾਂ ਨੂੰ ਪੇਸ਼ ਕੀਤਾ। ਇਸਤੋਂ ਬਾਅਦ ਇਸ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਡਾ. ਰਾਜੇਸ਼ ਪਾਸਵਾਨ ਨੇ ਕਿਹਾ ਕਿ ਸਾਨੂੰ ਗੁਰੂ ਰਵਿਦਾਸ ਜੀ ਦੇ ਦੱਸੇ ਮਾਰਗਾਂ ਉਪਰ ਚਲ ਕੇ ਇਕ ਚੰਗੇ ਮਨੁੱਖ ਬਣਨ ਦਾ ਜਤਨ ਕਰਨਾ ਚਾਹੀਦਾ ਹੈ ਤਾਂ ਹੀ ਸਾਡੇ ਅਜਿਹੇ ਲੈਕਚਰ ਕਰਾਏ ਸਫਲੇ ਹਨ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਅਬੁ ਜ਼ਹੀਰ ਰਬਾਨੀ ਨੇ ਕੀਤਾ ਤੇ ਡਾ. ਮੌਮਿਤਾ ਸਰਕਾਰ ਨੇ ਸਭ ਦਾ ਧੰਨਵਾਦ ਕੀਤਾ।