ਦਿੱਲੀ ਕਮੇਟੀ ਦੀ ਇਕ ਇੰਚ ਵੀ ਜ਼ਮੀਨ ਹੱਥਾਂ ਵਿੱਚੋਂ ਨਹੀਂ ਜਾਣ ਦਿੱਤੀ ਜਾਵੇਗੀ: ਕਾਲਕਾ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਹਰ ਵੇਲੇ ਦਿੱਲੀ ਗੁਰਦੁਆਰਾ ਕਮੇਟੀ ਦੇ ਅਕਸ ਨੂੰ ਢਾਹ ਲਾਉਣ ਲਈ ਪੱਬਾਂ ਭਾਰ ਰਹਿੰਦੇ ਹਨ ਤੇ ਮਨਜੀਤ ਸਿੰਘ ਜੀਕੇ ਦੇ ਸਮੇਂ ਦੌਰਾਨ ਹੀ ਕਮੇਟੀ ਦੀਆਂ ਜਾਇਦਾਦਾਂ ਵੇਚੀਆਂ ਗਈਆਂ।
ਅੱਜ ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕਾਲਕਾ ਤੇ ਸ੍ਰੀ ਕਾਹਲੋਂ ਨੇ ਦੱਸਿਆ ਕਿ ਪਿਛਲੇ ਦੋ ਤਿੰਨ ਦਿਨਾਂ ਤੋਂ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਝੂਠੇ ਤੇ ਗੁਮਰਾਹਕੁਨ ਬਿਆਨ ਦੇ ਕੇ ਸੰਗਤ ਨੂੰ ਗੁਮਰਾਹ ਕਰਨ ਦੇ ਯਤਨਾਂ ਵਿਚ ਲੱਗੇ ਹੋਏ ਹਨ ਪਰ ਸੰਗਤਾਂ ਇਨ੍ਹਾਂ ਦੇ ਸੱਚ ਨੂੰ ਜਾਣਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਨਾ ਦੇ ਸਮੇਂ ਤੋਂ 2006 ਵਿੱਚ ਛੇਵਾਂ ਤਨਖਾਹ ਕਮਿਸ਼ਨ ਲੱਗਿਆ ਸੀ। ਇਹ ਭਾਰ ਮਨਜੀਤ ਸਿੰਘ ਜੀਕੇ ਦੇ ਸਮੇਂ ਵਿਚ ਆਇਆ। ਇਨ੍ਹਾਂ ਦੀਆਂ ਨਾਕਾਮਯਾਬੀਆਂ ਤੇ ਗਲਤੀਆਂ ਕਰ ਕੇ ਦਿੱਲੀ ਕਮੇਟੀ ਨੇ ਮਾਮਲੇ ਭੁਗਤੇ ਹਨ। ਉਨ੍ਹਾਂ ਦੱਸਿਆ ਕਿ 2016 ਵਿੱਚ ਸੱਤਵਾਂ ਤਨਖਾਹ ਕਮਿਸ਼ਨ ਲੱਗਿਆ। ਉਨ੍ਹਾਂ ਦੱਸਿਆ ਕਿ ਤਿੰਨ ਸਾਲਾਂ ਵਿੱਚ ਗੁਰਦੁਆਰਾ ਕਮੇਟੀ ਦੀ ਮੌਜੂਦਾ ਟੀਮ ਨੇ 114 ਕਰੋੜ ਰੁਪਏ ਦੀ ਸਹਾਇਤਾ ਸਕੂਲਾਂ ਵਿਚ ਤਨਖਾਹਾਂ ਤੇ ਛੇਵੇਂ ਤੇ ਸੱਤਵੇਂ ਤਨਖਾਹ ਕਮਿਸ਼ਨ ਦੇ ਬਕਾਏ ਦੇ ਭੁਗਤਾਨ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਅਦਾਲਤਾਂ ਵਿਚ ਇਨ੍ਹਾਂ ਦੇ ਵਕੀਲਾਂ ਨੇ ਮੰਗ ਕੀਤੀ ਕਿ ਗੁਰੂਘਰ ਦੀਆਂ ਜਾਇਦਾਦਾਂ ਵੇਚ ਕੇ ਭੁਗਤਾਨ ਕੀਤਾ ਜਾਵੇ ਪਰ ਅਦਾਲਤ ਤੋਂ ਬਾਹਰ ਇਹ ਸੰਗਤ ਦੇ ਸਾਹਮਣੇ ਗੁਮਰਾਹਕੁੰਨ ਪ੍ਰਚਾਰ ਕਰਦੇ ਹਨ।
ਦਿੱਲੀ ਗੁਰਦੁਆਰਾ ਕਮੇਟੀ ਨੇ ਅਦਾਲਤ ਵਿੱਚ ਹਲਫ਼ੀਆ ਬਿਆਨ ਦੇ ਕੇ ਦੱਸਿਆ ਹੈ ਕਿ ਦਿੱਲੀ ਦੇ ਇਤਿਹਾਸਕ ਗੁਰੂਘਰ, ਹੋਰ ਗੁਰੂ ਤੇ ਜਾਇਦਾਦਾਂ ਗੁਰੂ ਗ੍ਰੰਥ ਸਾਹਿਬ ਦੀਆਂ ਜਾਇਦਾਦਾਂ ਹਨ ਤੇ 1971 ਦੇ ਐਕਟ ਮੁਤਾਬਕ ਕੋਈ ਵੀ ਦੁਨੀਆਵੀ ਅਦਾਲਤ ਇਨ੍ਹਾਂ ਨੂੰ ਵੇਚ ਨਹੀਂ ਸਕਦੀ। ਅਦਾਲਤ ਵਿੱਚ ਅਪੀਲ ਦਾਇਰ ਕਰ ਕੇ 2 ਮਈ 2025 ਦੇ ਹੁਕਮਾਂ ਦੀ ਸਮੀਖਿਆ ਦੀ ਮੰਗ ਕੀਤੀ ਗਈ ਹੈ। ਉਨ੍ਹਾ ਦੱਸਿਆ ਕਿ ਮਨਜੀਤ ਸਿੰਘ ਜੀਕੇ ਦੇ ਪ੍ਰਧਾਨ ਹੋਣ ਸਮੇਂ ਕਰੋਲਬਾਗ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀ ਜਾਇਦਾਦ ਵੇਚੀ ਗਈ ਸੀ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੀ ਇਕ ਇੰਚ ਵੀ ਜ਼ਮੀਨ ਹੱਥਾਂ ਵਿੱਚੋਂ ਨਹੀਂ ਜਾਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਮਨਜੀਤ ਸਿੰਘ ਜੀਕੇ ਨੇ ਜਿਥੇ ਇਕ ਲੱਖ ਕੈਨੇਡੀਅਨ ਡਾਲਰ ਦਾ ਗਬਨ ਕੀਤਾ, ਉਥੇ ਹੀ 10 ਲੱਖ ਰੁਪਏ ਦੇ ਫਰਾਡ ਦੇ ਮਾਮਲੇ ਵਿੱਚ ਹੁਣ ਤਾਂ ਦਿੱਲੀ ਪੁਲੀਸ ਨੇ ਵੀ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਕੇ ਦੱਸ ਦਿੱਤਾ ਹੈ ਕਿ ਉਨ੍ਹਾਂ ਨੇ 10 ਲੱਖ ਰੁਪਏ ਦਾ ਗਬਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਾ ਸੱਚ ਸੰਗਤਾਂ ਦੇ ਸਾਹਮਣੇ ਹੈ। ਇਨ੍ਹਾਂ ਵੱਲੋਂ ਕੀਤੇ ਗਲਤ ਕੰਮਾਂ ਦਾ ਖਮਿਆਜ਼ਾ ਮੌਜੂਦਾ ਪ੍ਰਬੰਧਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਿਥੇ ਹੁਣ ਤੱਕ 114 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਉਥੇ ਹੀ ਅੱਗੇ ਵਾਸਤੇ ਲਿਖ ਕੇ ਦਿੱਤੀਆਂ ਤਾਰੀਕਾਂ ਮੁਤਾਬਕ ਅਗਲੇ ਭੁਗਤਾਨ ਵੀ ਸੰਗਤਾਂ ਦੇ ਸਹਿਯੋਗ ਨਾਲ ਕਰਾਂਗੇ। ਉਨ੍ਹਾਂ ਕਿਹਾ ਕਿ ਜੀਕੇ ਤੇ ਸਰਨਾ ਨੂੰ ਸੰਗਤ ਨੇ ਆਪ ਵੋਟ ਦੀ ਤਾਕਤ ਨਾਲ ਭਜਾ ਦਿੱਤਾ ਹੈ ਤੇ ਹੁਣ ਅੱਗੇ ਵੀ ਅਜਿਹਾ ਹੀ ਹੋਵੇਗਾ।