ਮਾਲਖਾਨੇ ਵਿੱਚ ਹੌਲਦਾਰ ਨੇ ਸੰਨ੍ਹ ਲਾਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਆਪਣੇ ਹੌਲਦਾਰ ਨੂੰ 51 ਲੱਖ ਰੁਪਏ ਦੀ ਨਕਦੀ ਅਤੇ ਵੱਡੀ ਮਾਤਰਾ ਵਿੱਚ ਗਹਿਣਿਆਂ ਦੀ ਚੋਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਕਥਿਤ ਡਕੈਤੀ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ ਲੋਧੀ ਰੋਡ ਸਥਿਤ ਮਾਲਖਨੇ ਵਿੱਚ ਹੋਈ ਸੀ। ਉੱਥੇ ਕੰਮ ਕਰਨ ਵਾਲੇ ਹੌਲਦਾਰ ਖੁਰਸ਼ੀਦ ਨੂੰ ਇੱਥੋਂ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪੁਲੀਸ ਅਨੁਸਾਰ ਖੁਰਸ਼ੀਦ ਸ਼ੁੱਕਰਵਾਰ ਰਾਤ ਨੂੰ ਮਾਲਖਾਨਾ ਵਿੱਚ ਦਾਖ਼ਲ ਹੋਇਆ ਅਤੇ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ। ਇੰਚਾਰਜ ਅਧਿਕਾਰੀ ਨੇ ਜਲਦੀ ਹੀ ਦੇਖਿਆ ਕਿ ਉੱਥੇ ਕੁੱਝ ਗਲਤ ਵਾਪਰਿਆ ਅਤੇ ਸੀਸੀਟੀਵੀ ਫੁਟੇਜ ਦੀ ਘੋਖ ਕਰਕੇ ਖੁਰਸ਼ੀਦ ਦੀ ਪਛਾਣ ਕੀਤੀ ਗਈ। ਇਸ ਮਗਰੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਖੁਰਸ਼ੀਦ ਨੂੰ ਹਾਲ ਹੀ ਵਿੱਚ ਮਾਲਖਾਨਾ ਤੋਂ ਪੂਰਬੀ ਦਿੱਲੀ ਭੇਜਿਆ ਗਿਆ ਸੀ। ਚੋਰੀ ਨੂੰ ਅੰਜ਼ਾਮ ਦੇਣ ਵਾਲੀ ਜਗ੍ਹਾ ਦਾ ਉਹ ਭੇਤੀ ਸੀ।
ਇੱਕ ਵੱਖਰੀ ਘਟਨਾ ਵਿੱਚ ਦਿੱਲੀ ਪੁਲੀਸ ਕ੍ਰਾਈਮ ਬ੍ਰਾਂਚ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏਐੱਨਟੀਐੰਫ) ਨੇ ਇੱਕ ਨਾਈਜੀਰੀਅਨ ਵਿਅਕਤੀ, ਡੇਵਿਡ ਲੀਐਨ ਨੂੰ 282 ਗ੍ਰਾਮ ਨਸ਼ੀਲਾ ਪਦਾਰਥ ਕੋਕੀਨ ਲੈ ਕੇ ਜਾਣ ਅਤੇ ਵੇਚਣ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।
ਇਹ ਗ੍ਰਿਫ਼ਤਾਰੀ ਤਿਲਕ ਨਗਰ ਦੇ ਪੁਰਾਣੇ ਮਹਾਂਬੀਰ ਨਗਰ ਇਲਾਕੇ ਵਿੱਚ ਹੋਈ ਜਦੋਂ ਏਐੱਨਟੀਐੱਫ ਨੂੰ ਇੱਕ ਸੂਚਨਾ ਮਿਲੀ। ਲੀਐਨ ਤੋਂ ਪੀਲੇ ਰੰਗ ਦੇ ਪਾਊਡਰ ਵਾਲਾ ਇੱਕ ਬੈਗ ਮਿਲਿਆ। ਫੋਰੈਂਸਿਕ ਮਾਹਿਰਾਂ ਵੱਲੋਂ ਜਾਂਚ ਕਰਕੇ ਪੁਸ਼ਟੀ ਕੀਤੀ ਗਈ ਕਿ ਇਹ ਕੋਕੀਨ ਸੀ। ਦਿੱਲੀ-ਐੱਨਸੀਆਰ ਖੇਤਰ ਵਿੱਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲੇ ਇੱਕ ਵਿਦੇਸ਼ੀ ਨਾਗਰਿਕ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ।