ਭਾਜਪਾ ਸਿੱਖਿਆ ਮਾਫ਼ੀਆ ਨੂੰ ਬਚਾਉਣ ਲਈ ਲੁਕਾ ਰਹੀ ਹੈ ਫੀਸ ਰੈਗੂਲੇਸ਼ਨ ਬਿੱਲ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜੂਨ
ਸੀਨੀਅਰ ‘ਆਪ’ ਨੇਤਾ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਅੱਜ ਪਾਰਟੀ ਹੈੱਡਕੁਆਰਟਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਸਿੱਖਿਆ ਮਾਫ਼ੀਆ ਨੂੰ ਬਚਾਉਣ ਲਈ ਪ੍ਰਾਈਵੇਟ ਸਕੂਲ ਫ਼ੀਸ ਰੈਗੂਲੇਸ਼ਨ ਬਿੱਲ ਨੂੰ ਲੁਕਾ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਬੱਚਿਆਂ ਦੇ ਮਾਪਿਆਂ ਦੀ ਆਵਾਜ਼ ਬਣੇਗੀ ਅਤੇ ਇਸ ਦੇ ਵਿਧਾਇਕ ਇਸ ਬਿੱਲ ’ਤੇ ਜਨਤਾ ਦੀ ਰਾਏ ਮੰਗਣਗੇ। ਦਿੱਲੀ ਦੇ ਲੋਕ ਆਪਣੇ ਸੁਝਾਅ fee.consultation.aap@gmail.com ‘ਤੇ ਭੇਜ ਸਕਦੇ ਹਨ। ਮਾਪਿਆਂ ਤੋਂ ਪ੍ਰਾਪਤ ਸੁਝਾਵਾਂ ਅਨੁਸਾਰ ਆਮ ਆਦਮੀ ਪਾਰਟੀ ਵਿਧਾਨ ਸਭਾ ਵਿੱਚ ਬਿੱਲ ਵਿੱਚ ਜ਼ਰੂਰੀ ਸੋਧਾਂ ਕਰਵਾਏਗੀ। ਉਨ੍ਹਾਂ ਕਿਹਾ ਕਿ ਮੰਗਲਵਾਰ ਤੋਂ ‘ਆਪ’ ਵਿਧਾਇਕ ਇਸ ਬਿੱਲ ‘ਤੇ ਰਾਏ ਲੈਣ ਲਈ ਲਗਾਤਾਰ ਮੀਟਿੰਗਾਂ ਕਰਨਗੇ। ਉਨ੍ਹਾਂ ਕਿਹਾ ਕਿ ਉਹ ‘ਆਪ’ ਸਰਕਾਰ ਵਿੱਚ ਹੁੰਦਿਆਂ ਵੀ ਸਿੱਖਿਆ ਮਾਫੀਆ ਵਿਰੁੱਧ ਲੜਦੀ ਸੀ ਅਤੇ ਵਿਰੋਧੀ ਧਿਰ ਵਿੱਚ ਹੁੰਦਿਆਂ ਵੀ ਲੜਦੀ ਰਹੇਗੀ। ਆਤਿਸ਼ੀ ਨੇ ਕਿਹਾ ਕਿ ਜਦੋਂ ਤੋਂ ਦਿੱਲੀ ਵਿੱਚ ਭਾਜਪਾ ਸਰਕਾਰ ਬਣੀ ਹੈ, ਪ੍ਰਾਈਵੇਟ ਸਕੂਲਾਂ ਨੇ ਬੇਕਾਬੂ ਤਰੀਕੇ ਨਾਲ ਫੀਸਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਾਰੇ ਨਿੱਜੀ ਸਕੂਲਾਂ ਨੇ 20 ਤੋਂ 80 ਫ਼ੀਸਦ ਤੱਕ ਫੀਸਾਂ ਵਧਾ ਦਿੱਤੀਆਂ ਹਨ। ਏਸੀ, ਤੈਰਾਕੀ, ਐਕਟੀਵਿਟੀ ਕਲਾਸਾਂ ਸਮੇਤ ਕਈ ਤਰ੍ਹਾਂ ਦੇ ਵਾਧੂ ਚਾਰਜ ਵੀ ਲਗਾਏ ਗਏ ਹਨ। ਬੱਚਿਆਂ ਦੇ ਮਾਪੇ 40 ਡਿਗਰੀ ਤਾਪਮਾਨ ਵਿੱਚ ਸਕੂਲ ਅਤੇ ਸਿੱਖਿਆ ਡਾਇਰੈਕਟੋਰੇਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਪਰ ਸੁਣਨ ਵਾਲਾ ਕੋਈ ਨਹੀਂ ਹੈ। ਮਾਪੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਗਏ। ਹਾਈ ਕੋਰਟ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕੋਈ ਹੁਕਮ ਪਾਸ ਨਹੀਂ ਕਰਦੀ, ਉਹ ਪ੍ਰਾਈਵੇਟ ਸਕੂਲਾਂ ਨੂੰ ਕੋਈ ਹੁਕਮ ਨਹੀਂ ਦੇ ਸਕਦੀ।
ਆਤਿਸ਼ੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਫ਼ੀਸ ਵਾਧੇ ਨੂੰ ਰੋਕਣ ਲਈ ਕਾਨੂੰਨ ਲਿਆਉਣ ਦੀ ਗੱਲ ਕੀਤੀ। ਇਹ ਵਿਧਾਨ ਸਭਾ ਵਿੱਚ ਪਾਸ ਕੀਤਾ ਜਾਵੇਗਾ ਪਰ ਮਾਪਿਆਂ ਅਤੇ ਫ਼ੀਸ ਵਾਧੇ ਵਿਰੁੱਧ ਕੇਸ ਲੜਨ ਵਾਲਿਆਂ ਨੂੰ ਪੁੱਛੇ ਬਿਨਾਂ ਅਤੇ ਕਾਨੂੰਨ ਦਿਖਾਏ ਬਿਨਾਂ, ਭਾਜਪਾ ਸਰਕਾਰ ਨੇ ਚੁੱਪਚਾਪ ਕੈਬਨਿਟ ਵਿੱਚ ਬਿੱਲ ਪਾਸ ਕਰ ਦਿੱਤਾ। ਦਿੱਲੀ ਦੇ ਇਤਿਹਾਸ ਵਿੱਚ ਕਦੇ ਅਜਿਹਾ ਨਹੀਂ ਹੋਇਆ ਕਿ ਇੰਨੀ ਵੱਡੀ ਨੀਤੀ ‘ਤੇ ਕੋਈ ਸਲਾਹ-ਮਸ਼ਵਰਾ ਨਾ ਕੀਤਾ ਗਿਆ ਹੋਵੇ।