ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 2 ਜੂਨ
ਜੀਟੀ ਰੋਡ ਸਥਿਤ ਆਦੇਸ਼ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿਚ ਨੌਜਵਾਨਾਂ ਨੂੰ ਤੰਬਾਕੂ ਮੁਕਤ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸੀ ਕਿ ਤੰਬਾਕੂ ਤੇ ਨਿਕੋਟੀਨ ਉਤਪਾਦਾਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਜਾਗਰੂਕ ਕਰਨਾ ਤੇ ਉਨਾਂ ਨੂੰ ਤੰਬਾਕੂ ਮੁਕਤ ਜੀਵਨ ਸ਼ੈਲੀ ਅਪਨਾਉਣ ਲਈ ਪ੍ਰੇਰਿਤ ਕਰਨਾ ਸੀ।
ਪ੍ਰੋਗਰਾਮ ਦੌਰਾਨ ਇਹ ਸੰਦੇਸ਼ ਦਿੱਤਾ ਗਿਆ ਕਿ ਤੰਬਾਕੂ ਤੇ ਨਿਕੋਟੀਨ ਉਤਪਾਦਾਂ ਦੀ ਖਿੱਚ ਦਾ ਪ੍ਰਚਾਰ ਨੌਜਵਾਨਾਂ ਨੂੰ ਭਰਮਾਉਂਦਾ ਹੈ ,ਜਦਕਿ ਇਨ੍ਹਾਂ ਦਾ ਅਸਲ ਵਿਚ ਪ੍ਰਭਾਵ ਸਿਹਤ ਲਈ ਬੇਹੱਦ ਘਾਤਕ ਹੁੰਦਾ ਹੈ। ਪ੍ਰੋਗਰਾਮ ਦਾ ਸਫਲ ਸੰਚਾਲਨ ਸਮੁਦਾਇਕ ਸਿਹਤ ਵਿਭਾਗ ਤੇ ਮਨੋਰੋਗ ਵਿਭਾਗ ਦੇ ਸਾਂਝੇ ਉਦਮ ਨਾਲ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਐੱਨਐੱਸ ਲਾਂਬਾ ਨੇ ਤੰਬਾਕੂ ਨਾਲ ਸਬੰਧਤ ਬੀਮਾਰੀਆਂ , ਵਿਸ਼ੇਸ਼ ਤੌਰ ਤੇ ਕੈਂਸਰ ਨਾਲ ਵੱਧ ਰਹੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਤੰਬਾਕੂ ਇਕ ਮਿੱਠਾ ਜਹਿਰ ਹੈ ,ਜਿਸ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਮਾਜ ਨੂੰ ਮਿਸ਼ਨ ਮੋਡ ਵਿਚ ਕੰਮ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਤੰਬਾਕੂ ਪਦਾਰਥਾਂ ਦੀ ਵਰਤੋਂ ਕਰਨ ਨਾਲ ਮਨੁੱਖੀ ਸਰੀਰ ’ਤੇ ਮਾੜਾ ਪ੍ਰਭਾਵ ਪੈਂਦਾ ਹੈ, ਇਸ ਨਾਲ ਮੂੰਹ ਫੇਫੜਿਆਂ ਤੇ ਭੋਜਨ ਦੀ ਨਾਲੀ ਦਾ ਕੈਂਸਰ ਆਦਿ ਬੀਮਾਰੀਆਂ ਦਾ ਜ਼ਿਆਦਾ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਡੀ ਨੌਜਵਾਨ ਪੀੜ੍ਹੀ ਖਾਸ ਕਰਕੇ ਬੱਚਿਆਂ ਵਿੱਚ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ ਤਾਂ ਜੋ ਸਮਾਜ ਵਿਚੋਂ ਤੰਬਾਕੂ ਵਰਗੀ ਮਾੜੀ ਆਦਤ ਨੂੰ ਖਤਮ ਕਰ ਸਕੀਏ। ਇਸ ਮੌਕੇ ਡਾ. ਨੇਹਾ ਗੌਰ, ਡਾ. ਰਮਨ ਨਰਵਾਲ, ਡਾ. ਵਿਕਰਾਂਤ ਪ੍ਰਭਾਕਰ, ਡਾ. ਤਨੂੰ ਕੁੰਡਲ, ਡਾ. ਸੁਸ਼ੀਲ ਦਲਾਲ ਨੇ ਵੀ ਵਿਚਾਰ ਰੱਖੇ ਤੇ ਤੰਬਾਕੂ ਤੋਂ ਹੋਣ ਵਾਲੇ ਮਾਨਸਿਕ ਤੇ ਸਰੀਰਕ ਨੁਕਸਾਨ ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਗੁਰਸਤਿੰਦਰ ਸਿੰਘ, ਡਾ. ਨਰੇਸ਼ ਜੋਤੀ, ਸੰਸਥਾ ਦੇ ਵਿਦਿਆਰਥੀ ,ਫੈਕਲਟੀ ਮੈਂਬਰ ਤੇ ਹੋਰ ਸਟਾਫ ਮੌਜੂਦ ਸੀ। ਸਭ ਨੇ ਇਕ ਸੁਰ ਵਿੱਚ ਤੰਬਾਕੂ ਦੀ ਰੋਕਥਾਮ ਵਿੱਚ ਬਣਦਾ ਆਪਣਾ ਯੋਗਦਾਨ ਪਾਉਣ ਅਤੇ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਸਮਾਜ ਵਿਚ ਜਾਗਰੂਕਤਾ ਫੈਲਾਉਣਾ ਤੇ ਇਸ ਮਾੜੀ ਆਦਤ ਨੂੰ ਛੁਡਾਉਣ ਲਈ ਲੋਕਾਂ ਦੀ ਮਦਦ ਕਰਨ ਦੀ ਸਹੁੰ ਵੀ ਚੁੱਕੀ। ਇਸ ਖਿਲਾਫ ਜਨ ਜਾਗਰੂਕਤਾ ਅਭਿਆਨ ਨੂੰ ਹੋਰ ਅੱਗੇ ਵਧਾਉਣ ਦਾ ਪ੍ਰਣ ਲਿਆ।