ਸਿੱਖਿਆ ਮੰਤਰੀ ਨੇ 400 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਦੱਖਣੀ ਦਿੱਲੀ ਦੇ ਸੇਵਾ ਨਗਰ ਵਿੱਚ ਕੁਸ਼ਕ ਨਾਲਾ ਡਿਪੂ ਵਿੱਚ ਦਿੱਲੀ ਇਲੈਕਟ੍ਰਿਕ ਵਾਹਨ (ਈਵੀ) ਇੰਟਰਕਨੈਕਟਰ ਯੋਜਨਾ ਦਾ ਉਦਘਾਟਨ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਤੇ ਮੁੱਖ ਮੰਤਰੀ ਰੇਖਾ ਗੁਪਤਾ ਨੇ 400 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਈ। ਉਨ੍ਹਾਂ ਨੇ ਭਾਜਪਾ ਸਰਕਾਰ ਨੂੰ ਚੁਣਨ ਲਈ ਦਿੱਲੀ ਦੇ ਲੋਕਾਂ ਦਾ ਧੰਨਵਾਦ ਕੀਤਾ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਕਿਹਾ ਕਿ ਤੁਹਾਡੇ ਕਾਰਨ ਹੀ ਅੱਜ ਦਿੱਲੀ ਦੀਆਂ ਸੜਕਾਂ ’ਤੇ ਇਲੈਕਟ੍ਰਿਕ ਵਾਹਨ ਦੌੜ ਸਕੇ ਹਨ। ਇਹ ਭਵਿੱਖ ਦੀ ਯੋਜਨਾ ਹੈ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ 2080 ਹੋਰ ਇਲੈਕਟ੍ਰਿਕ ਬੱਸਾਂ ਦਿੱਲੀ ਦੀਆਂ ਸੜਕਾਂ ‘ਤੇ ਆਉਣਗੀਆਂ। ਅਗਲੇ ਸਾਲ ਤੱਕ ਸਾਰੇ ਜਨਤਕ ਆਵਾਜਾਈ ਵਾਹਨਾਂ ਨੂੰ 100 ਪ੍ਰਤੀਸ਼ਤ ਇਲੈਕਟ੍ਰਿਕ ਬਣਾਇਆ ਜਾਵੇਗਾ। ਜਨਤਕ ਅਤੇ ਨਿੱਜੀ ਪੱਧਰ ‘ਤੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ 9000 ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਜਾਵੇਗਾ। ਇਸ ਮੌਕੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ, ਟਰਾਂਸਪੋਰਟ ਮੰਤਰੀ ਡਾ. ਪੰਕਜ ਸਿੰਘ, ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ, ਬਾਂਸਰੀ ਸਵਰਾਜ ਆਦਿ ਮੌਜੂਦ ਸਨ।