ਮੀਂਹ ਨੇ ਭਾਜਪਾ ਦੇ ਚਾਰੇ ਇੰਜਣ ਨਕਾਰਾ ਕੀਤੇ: ‘ਆਪ’
ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਮਈ
ਆਮ ਆਦਮੀ ਪਾਰਟੀ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਸੌਰਭ ਭਾਰਦਵਾਜ, ਸੀਨੀਅਰ ਨੇਤਾ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਸੰਸਦ ਮੈਂਬਰ ਸੰਜੇ ਸਿੰਘ, ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਅਤੇ ਜੈਸਮੀਨ ਸ਼ਾਹ ਅਤੇ ਹੋਰ ਨੇਤਾਵਾਂ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮੀਂਹ ਕਾਰਨ ਪਾਣੀ ਭਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਕਿਹਾ ਕਿ ਭਾਜਪਾ ਦੀ ਚਾਰ ਇੰਜਣਾਂ ਵਾਲੀ ਸਰਕਾਰ ਦਿੱਲੀ ’ਚ ਅਸਫਲ ਰਹੀ ਹੈ।
‘ਆਪ’ ਨੇ ਕਿਹਾ ਕਿ ਦਿੱਲੀ ਵਿੱਚ ਪਹਿਲੀ ਬਾਰਿਸ਼ ਨੇ ਭਾਜਪਾ ਦੇ ਚਾਰੇ ਇੰਜਣ ਨਕਾਰਾ ਕਰ ਦਿੱਤੇ ਹਨ। ਭਾਜਪਾ ਸਰਕਾਰ ਦੇ ਚਾਰੇ ਇੰਜਣ ਸਮੱਸਿਆ ਸਾਬਤ ਹੋਏ ਅਤੇ ਮਿੰਟੋ ਰੋਡ, ਆਈਟੀਓ, ਧੌਲਾ ਕੁਆਂ, ਦਿੱਲੀ ਹਵਾਈ ਅੱਡਾ, ਪੁਰਾਣਾ ਰਾਜੇਂਦਰ ਨਗਰ ਸਮੇਤ ਦਿੱਲੀ ਦੇ ਕਈ ਇਲਾਕਿਆਂ ਦੀਆਂ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਸੜਕਾਂ ’ਤੇ ਕਈ ਫੁੱਟ ਪਾਣੀ ਹੋਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
‘ਆਪ’ ਨੇ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਦੇ ਮੰਤਰਾਲੇ ਦੇ ਪੀਡਬਲਯੂਡੀ ਦਫ਼ਤਰ ਦੇ ਸਾਹਮਣੇ ਤੋਂ ਲੰਘਦੀ ਸੜਕ ਦਾ ਵੀਡੀਓ ਸਾਂਝਾ ਕੀਤਾ, ਜਿੱਥੇ ਭਾਰੀ ਪਾਣੀ ਭਰਿਆ ਹੋਇਆ ਹੈ।
ਸੌਰਭ ਭਾਰਦਵਾਜ ਨੇ ਐਕਸ ’ਤੇ ਕਿਹਾ, ‘‘ਪਹਿਲੀ ਬਾਰਿਸ਼ ਵਿੱਚ 4 ਜਣਿਆਂ ਦੀ ਜਾਨ ਚਲੀ ਗਈ। ਇੱਕ ਮਾਂ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ ਹੋ ਗਈ। ਦਿੱਲੀ ਦੀ ਚਾਰ ਇੰਜਣ ਵਾਲੀ ਸਰਕਾਰ ਦਾ ਸੱਚ ਅੱਜ ਸਭ ਦੇ ਸਾਹਮਣੇ ਹੈ।’’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, ‘‘ਭਾਜਪਾ ਦੇ ਸ਼ਾਸਨ ਹੇਠ ਦਿੱਲੀ ਦੀ ਹਾਲਤ ਵੇਖੋ। ਟ੍ਰਿਪਲ ਇੰਜਣ ਸਰਕਾਰ ਦੇ ਸਾਰੇ ਇੰਜਣ ਅਤੇ ਉਨ੍ਹਾਂ ਦੇ ਹਿੱਸੇ ਸਵੇਰ ਤੋਂ ਸ਼ਾਮ ਤੱਕ ਅਰਵਿੰਦ ਕੇਜਰੀਵਾਲ ਵਿਰੁੱਧ ਬੋਲਣ ਵਿੱਚ ਰੁੱਝੇ ਹੋਏ ਹਨ ਅਤੇ ਦਿੱਲੀ ਦੀ ਹਾਲਤ ਤਰਸਯੋਗ ਹੋ ਗਈ ਹੈ। ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਤਬਾਹੀ ਦੀ ਗਾਰੰਟੀ ਹੈ। ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਐਕਸ ’ਤੇ ਇੱਕ ਵੀਡੀਓ ਪੋਸਟ ਕੀਤਾ ਅਤੇ ਕਿਹਾ ਕਿ ਇਹ ਦਿੱਲੀ ਵਿੱਚ ਪਹਿਲੀ ਬਾਰਿਸ਼ ਤੋਂ ਬਾਅਦ ਧੌਲਾ ਕੂਆਂ ਅਤੇ ਦਿੱਲੀ ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਲਈਆਂ ਗਈਆਂ ਤਸਵੀਰਾਂ ਹਨ। ਕੀ ਦਿੱਲੀ ਦੇ ਲੋਕਾਂ ਨੂੰ 4 ਇੰਜਣ ਵਾਲੀ ਭਾਜਪਾ ਸਰਕਾਰ ਤੋਂ ਇਹੀ ਉਮੀਦ ਸੀ?