ਮੋਹਲੇਧਾਰ ਮੀਂਹ ਕਾਰਨ ਦਿੱਲੀ-ਐੱਨਸੀਆਰ ’ਚ ਸੜਕਾਂ ਜਲਥਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਮਈ
ਦਿੱਲੀ-ਐੱਨਸੀਆਰ ਵਿਚ ਅੱਜ ਮੋਹਲੇਧਾਰ ਮੀਂਹ ਪੈਣ ਕਾਰਨ ਦਿੱਲੀ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਤੇ ਲੋਕਾਂ ਦਾ ਜਿਉਣਾ ਮੁਹਾਲ ਹੋ ਗਿਆ। ਬਾਰਿਸ਼ ਕਾਰਨ ਦਿੱਲੀ ਅਤੇ ਆਸਪਾਸ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ ਤੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਉਡਾਣ ਸੰਚਾਲਨ ਵਿੱਚ ਵਿਘਨ ਪਿਆ। ਕਈ ਥਾਵਾਂ ’ਤੇ ਗੜੇ ਵੀ ਪਏ। ਹਾਲਾਂਕਿ ਦਿੱਲੀ, ਫਰੀਦਾਬਾਦ, ਗੁਰੂਗ੍ਰਾਮ ਅਤੇ ਨੋਇਡਾ ਵਰਗੇ ਨੇੜਲੇ ਖੇਤਰਾਂ ਵਿੱਚ ਲੰਬੇ ਸਮੇਂ ਤੱਕ ਗਰਮ ਮੌਸਮ ਤੋਂ ਬਾਅਦ ਮੀਂਹ ਨੇ ਰਾਹਤ ਦਿੱਤੀ। ਭਾਰਤੀ ਮੌਸਮ ਵਿਭਾਗ ਨੇ ਦਿੱਲੀ ਲਈ ਤੇਜ਼ ਗਰਜ-ਚਕ ਅਤੇ ਤੇਜ਼ ਹਵਾਵਾਂ ਚੱਲਣ ਸਬੰਧੀ ‘ਲਾਲ ਚਿਤਾਵਨੀ’ ਜਾਰੀ ਕੀਤੀ ਹੈ।
ਮੀਂਹ ਕਾਰਨ ਰਾਜਧਾਨੀ ਦੇ ਕਈ ਖੇਤਰਾਂ ਵਿੱਚ ਭਾਰੀ ਪਾਣੀ ਭਰ ਗਿਆ। ਦਵਾਰਕਾ ਅੰਡਰਪਾਸ, ਸਾਊਥ ਐਕਸਟੈਂਸ਼ਨ, ਰਿੰਗ ਰੋਡ, ਮਿੰਟੋ ਰੋਡ, ਆਰਕੇ ਪੁਰਮ ਅਤੇ ਲਾਜਪਤ ਨਗਰ ਵਰਗੇ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਏ। ਤੇਜ਼ ਬਾਰਿਸ਼ ਅਤੇ ਤੂਫਾਨ ਨਾਲ ਦਰੱਖਤ ਉਖੜ ਗਏ ਅਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ। ਕਮਜ਼ੋਰ ਢਾਂਚੇ, ਕੱਚੇ ਘਰ ਅਤੇ ਖੁੱਲ੍ਹੇ ਖੇਤਰ ਨੁਕਸਾਨੇ ਗਏ।
ਦਿੱਲੀ ਦੀਆਂ ਸੜਕਾਂ ਉਪਰ ਖੜ੍ਹੇ ਪਾਣੀ ਨੇ ਦਿੱਲੀ ਨਗਰ ਨਿਗਮ ਅਤੇ ਦਿੱਲੀ ਸਰਕਾਰ ਦੀਆਂ ਪਾਣੀ ਭਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ। ਮੀਂਹ ਦੇ ਖੜ੍ਹੇ ਪਾਣੀ ਕਾਰਨ ਗੱਡੀਆਂ ਦੇ ਚਾਲਕਾਂ ਨੂੰ ਖਾਸੀ ਪ੍ਰੇਸ਼ਾਨੀ ਝੱਲਣੀ ਪਈ ਅਤੇ ਦੋ ਪਈਆ ਵਾਹਨਾਂ ਵਿੱਚ ਤਾਂ ਪਾਣੀ ਵੀ ਭਰ ਗਿਆ। ਸੀਐੱਨਜੀ ਆਟੋਜ਼ ਨੂੰ ਵੀ ਮੀਂਹ ਦੇ ਪਾਣੀ ਨੇ ਖਰਾਬ ਕੀਤਾ ਅਤੇ ਕਈ ਥਾਵਾਂ ਉੱਪਰ ਆਟੋ ਚਾਲਕ ਆਪਣੀਆਂ ਗੱਡੀਆਂ ਨੂੰ ਠੀਕ ਕਰਦੇ ਜਾਂ ਸੁਕਾਉਂਦੇ ਹੋਏ ਨਜ਼ਰ ਆਏ।
ਮੌਨਸੂਨ ਤੋਂ ਪਹਿਲਾਂ ਹੋਈ ਇਸ ਬਾਰਿਸ਼ ਨੇ ਲੋਕ ਨਿਰਮਾਣ ਵਿਭਾਗ, ਦਿੱਲੀ ਨਗਰ ਨਿਗਮ ਸਮੇਤ ਉਨ੍ਹਾਂ ਸਾਰੀਆਂ ਏਜੰਸੀਆਂ ਦੇ ਤਿਆਰੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਜੋ ਕਹਿ ਰਹੇ ਸਨ ਕਿ ਇਸ ਵਾਰ ਪਾਣੀ ਭਰਨ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਪਾਣੀ ਭਰਨ ਕਾਰਨ ਕਈ ਸੜਕਾਂ ’ਤੇ ਟ੍ਰੈਫਿਕ ਜਾਮ ਹੋ ਗਿਆ। ਨੋਇਡਾ ਦੇ ਸੈਕਟਰ-55 ਵਿੱਚ ਸੜਕਾਂ ‘ਤੇ ਪਾਣੀ ਭਰਨ ਦੀ ਸਮੱਸਿਆ ਹੋਈ। ਫਰੀਦਾਬਾਦ ਦੇ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ। ਦਿੱਲੀ ਵਿੱਚ ਜਾਮ ਨੇ ਗਾਜ਼ੀਆਬਾਦ ਵਿੱਚ ਵੀ ਵਾਹਨਾਂ ਦੀ ਗਤੀ ਨੂੰ ਰੋਕ ਦਿੱਤਾ। ਯੂਪੀ ਗੇਟ ‘ਤੇ ਰਾਸ਼ਟਰੀ ਰਾਜਮਾਰਗ ਨੰਬਰ-9 ‘ਤੇ ਲੰਬਾ ਜਾਮ ਸੀ। ਮਯੂਰ ਵਿਹਾਰ ਫੇਜ਼-2 ਡੀਟੀਸੀ ਡਿਪੋ ਐਨਐਚ-24 ਹਾਈਵੇਅ ‘ਤੇ ਵੀ ਪਾਣੀ ਭਰ ਗਿਆ ਹੈ। ਇੱਥੇ ਵੀ ਡਰਾਈਵਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਨਰਸਿੰਘਪੁਰ ਨੇੜੇ ਦਿੱਲੀ-ਜੈਪੁਰ ਹਾਈਵੇਅ ਦੀ ਮੁੱਖ ਸੜਕ ਤੋਂ ਇਲਾਵਾ ਕਿਸ਼ਨਗੰਜ ਅੰਡਰਪਾਸ ਵੀ ਪਾਣੀ ਨਾਲ ਭਰ ਗਿਆ।
ਇਸ ਦੌਰਾਨ ਲੋਕ ਨਿਰਮਾਣ ਮੰਤਰੀ ਪ੍ਰਵੇਸ਼ ਵਰਮਾ ਨੇ ਮੀਂਹ ਦੌਰਾਨ ਮਿੰਟੋ ਬ੍ਰਿਜ ਅੰਡਰਪਾਸ ਦਾ ਨਿਰੀਖਣ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਚਾਰੇ ਪੰਪ ਕੰਮ ਕਰ ਰਹੇ ਸਨ ਅਤੇ ਸੰਚਾਲਕ ਵੀ ਚੌਕਸ ਸਨ। ਹਾਲਾਂਕਿ ਇੱਥੇ ਪਾਈਪ ਫਟਣ ਦਾ ਮਾਮਲੇ ਸਾਹਮਣੇ ਆਇਆ ਹੈ ਜਦੋਂ ਕਿ ਸੀਵਰ ਮੈਨਹੋਲ ਤੋਂ ਪਾਣੀ ਨਿਕਲ ਕੇ ਅੰਡਰਪਾਸ ਤੱਕ ਪਹੁੰਚ ਰਿਹਾ ਸੀ, ਜਿਸ ਨੂੰ ਪੰਪਿੰਗ ਦੁਆਰਾ ਹਟਾ ਦਿੱਤਾ ਗਿਆ।
ਮੁੱਖ ਮੰਤਰੀ ਵੱਲੋਂ ਮਜਨੂੰ ਕਾ ਟਿੱਲਾ ਸਣੇ ਹੋਰ ਖੇਤਰਾਂ ਦਾ ਦੌਰਾ
ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੇ ਕਈ ਇਲਾਕਿਆਂ ਵਿੱਚ ਪਾਣੀ ਭਰਨ ਤੋਂ ਬਾਅਦ ਜ਼ਮੀਨੀ ਸਥਿਤੀ ਦਾ ਮੁਲਾਂਕਣ ਕੀਤਾ। ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ ਵੱਖ-ਵੱਖ ਏਜੰਸੀਆਂ ਦੁਆਰਾ ਤਿਆਰੀਆਂ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਰੇਖਾ ਗੁਪਤਾ ਨੇ ਮਜਨੂੰ ਕਾ ਟੀਲਾ ਸਮੇਤ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਜਿੱਥੇ ਉਹ ਸਿੱਧੇ ਤੌਰ ‘ਤੇ ਨਗਰ ਨਿਗਮ ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਦਿਖਾਈ ਦਿੱਤੀ। ਉਨ੍ਹਾਂ ਕਿਹਾ, ‘‘ਅੱਜ, ਮੈਂ ਮਜਨੂੰ ਕਾ ਟਿੱਲਾ ਸਣੇ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਪਾਣੀ ਭਰਨ ਦੀ ਸਥਿਤੀ ਦਾ ਨਿਰੀਖਣ ਕੀਤਾ। ਮੈਂ ਸਮੱਸਿਆ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਨਿੱਜੀ ਤੌਰ ‘ਤੇ ਜ਼ਮੀਨ ‘ਤੇ ਮੌਜੂਦ ਹਾਂ। ਸਾਰੇ ਅਧਿਕਾਰੀਆਂ ਨੂੰ ਦਿੱਲੀ ਭਰ ਵਿੱਚ ਪਾਣੀ ਭਰਨ ਤੋਂ ਪ੍ਰਭਾਵਿਤ ਖੇਤਰਾਂ ਦੀ ਪਛਾਣ ਕਰਨ ਅਤੇ ਹੱਲ ਯਕੀਨੀ ਬਣਾਉਣ ਲਈ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ।’ ਮੁੱਖ ਮੰਤਰੀ ਨੇ ਸ਼ਹਿਰ ਦੀ ਡਰੇਨੇਜ ਅਤੇ ਬੁਨਿਆਦੀ ਢਾਂਚੇ ਦੀਆਂ ਕਮੀਆਂ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ ਕਿ ਸਰਕਾਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਿਆਰ ਹੈ।
ਐੱਨਜੀਟੀ ਵੱਲੋਂ ਨਿਗਮ ਨੂੰ ਡਰੇਨਾਂ ਦੀ ਸਫ਼ਾਈ ਦੇ ਹੁਕਮ
ਨਵੀਂ ਦਿੱਲੀ (ਪੱਤਰ ਪ੍ਰੇਰਕ): ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਦਿੱਲੀ ਨਗਰ ਨਿਗਮ ਨੂੰ ਦੱਖਣੀ ਦਿੱਲੀ ਵਿੱਚੋਂ ਲੰਘਣ ਵਾਲੇ ਕੁਸ਼ਕ, ਸੁਨਹਿਰੀ ਪੁਲ ਅਤੇ ਡਿਫੈਂਸ ਕਲੋਨੀ ਡਰੇਨਾਂ ਦੇ ਢੱਕੇ ਹੋਏ ਲਾਲ ਹਿੱਸਿਆਂ ਤੋਂ ਗਾਦ (ਗਾਰ) ਹਟਾਉਣ ਲਈ ਇੱਕ ਸਪੱਸ਼ਟ ਸਮਾਂ-ਸੀਮਾ ਦੇਣ ਲਈ ਕਿਹਾ ਹੈ। ਟ੍ਰਿਬਿਊਨਲ ਇਸ ਨੇ ਇਹ ਵੀ ਪੁੱਛਿਆ ਹੈ ਕਿ ਡੀਸਿਲਟਿੰਗ ਦਾ ਕੰਮ ਪੂਰਾ ਹੋਣ ਤੋਂ ਬਾਅਦ ਕਿਹੜੇ ਸੁਰੱਖਿਆ ਉਪਾਅ ਕੀਤੇ ਜਾਣਗੇ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਾਦਸੇ ਨਾ ਵਾਪਰਨ ਜਾਂ ਢੱਕੇ ਹੋਏ ਹਿੱਸਿਆਂ ਵਿੱਚ ਖੁੱਲ੍ਹੀ ਜਗ੍ਹਾ ਤੋਂ ਕਿਸੇ ਵੀ ਕਿਸਮ ਦੀ ਬਦਬੂ ਨਾ ਫੈਲੇ। ਨਿਜ਼ਾਮੂਦੀਨ ਵੈਸਟ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸਮੇਤ ਕਈ ਹੋਰਨਾਂ ਵੱਲੋਂ ਪਟੀਸ਼ਨਾਂ ਟ੍ਰਿਬਿਊਨਲ ਦੇ ਸਾਹਮਣੇ ਦਾਇਰ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚ 24 ਡਰੇਨਾਂ ’ਚੋਂ ਗਾਦ ਹਟਾਉਣ ਦੀ ਮੰਗ ਕੀਤੀ ਗਈ ਹੈ। ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਕੁਸ਼ਕ ਡਰੇਨ, ਸੁਨਹਿਰੀ ਪੁਲ ਡਰੇਨ ਅਤੇ ਡਿਫੈਂਸ ਕਲੋਨੀ ਡਰੇਨ ਦੇ ਢੱਕੇ ਹੋਏ ਹਿੱਸੇ ਨੂੰ ਸਾਫ਼ ਕਰਨ ਲਈ ਨਿਗਮ ਵੱਲੋਂ ਸਪੱਸ਼ਟ ਸਮਾਂ-ਸੀਮਾਵਾਂ ਦਾ ਖਾਸ ਤੌਰ ‘ਤੇ ਜ਼ਿਕਰ ਨਹੀਂ ਕੀਤਾ ਗਿਆ ਹੈ। ਕਾਰਪੋਰੇਸ਼ਨ ਵੱਲੋਂ ਹਲਫ਼ਨਾਮੇ ਵਿੱਚ ਮੁੱਖ ਸਕੱਤਰ ਵੱਲੋਂ ਕੀਤੀ ਗਈ ਮੀਟਿੰਗ ਅਤੇ ਉਸ ਵਿੱਚ ਲਏ ਗਏ ਕੁਝ ਫੈਸਲਿਆਂ ਦਾ ਜ਼ਿਕਰ ਹੈ, ਪਰ ਮੀਟਿੰਗ ਦੇ ਮਿੰਟ ਵੀ ਰਿਕਾਰਡ ਵਿੱਚ ਨਹੀਂ ਹਨ। ਹਲਫ਼ਨਾਮੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਢੱਕੇ ਹੋਏ ਹਿੱਸੇ ਦੇ ਪ੍ਰਵੇਸ਼ ਦੁਆਰ ’ਤੇ ਸਕ੍ਰੀਨਾਂ ਲਗਾਈਆਂ ਜਾਣਗੀਆਂ ਤਾਂ ਜੋ ਤੈਰਦੀ ਸਮੱਗਰੀ ਨੂੰ ਢੱਕੇ ਹੋਏ ਹਿੱਸੇ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ ਸਕੇ, ਪਰ ਸਕ੍ਰੀਨਾਂ ਦੀ ਸਥਿਤੀ ਅਤੇ ਵੇਰਵਿਆਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।