ਦਿੱਲੀ ਵਿੱਚ ਮੀਂਹ ਕਾਰਨ ਜਲ-ਥਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਅਗਸਤ
ਦਿੱਲੀ ਤੇ ਐੱਨਸੀਆਰ ਦੇ ਇਲਾਕਿਆਂ ਵਿੱਚ ਅੱਜ ਸਵੇਰੇ ਭਰਵਾਂ ਮੀਂਹ ਪਿਆ, ਜਿਸ ਨਾਲ ਦਿੱਲੀ ਵਿੱਚ ਹਰ ਪਾਸੇ ਜਲ-ਥੱਲ ਹੋ ਗਈ। ਥਾਂ-ਥਾਂ ਪਾਣੀ ਭਰਨ ਕਾਰਨ ਜਿੱਥੇ ਰੋਜ਼ਾਨਾ ਆਪੋ-ਆਪਣੇ ਕੰਮਾਂ ਨੂੰ ਜਾਣ ਵਾਲਿਆਂ ਲਈ ਸਮੱਸਿਆਵਾਂ ਪੈਦਾ ਹੋਈਆਂ ਉੱਥੇ ਹੀ ਟਰੈਫਿਕ ਵੀ ਜੂੰਅ ਦੀ ਤੋਰ ਤੁਰਿਆ। ਰਾਹਾਂ ਵਿੱਚ ਹੀ ਲੋਕਾਂ ਦੀਆਂ ਗੱਡੀਆਂ ਫਸ ਗਈਆਂ ਤੇ ਕਈਆਂ ਦੇ ਇੰਜਣਾਂ ਵਿੱਚ ਸੜਕਾਂ ਦਾ ਪਾਣੀ ਵੜ ਗਿਆ। ਦੋ ਪਹੀਆ ਵਾਹਨ ਚਾਲਕਾਂ ਲਈ ਇਹ ਮੀਂਹ ਵੱਡੀ ਮੁਸੀਬਤ ਲੈ ਕੇ ਆਇਆ ਤੇ ਸਕੂਟਰ, ਮੋਟਰਸਾਈਕਲ, ਸਕੂਟੀਆਂ ਪਾਣੀ ਵਿੱਚ ਖਰਾਬ ਹੋ ਗਈਆਂ ਅਤੇ ਉਨ੍ਹਾਂ ਦੇ ਚਾਲਕ ਧੱਕਾ ਲਾ ਕੇ ਲੈ ਜਾਂਦੇ ਦੇਖੇ ਗਏ। ਕਈ ਥਾਂਵਾਂ ਉਪਰ ਕਾਰਾਂ ਵੀ ਅੱਧ ਤੱਕ ਪਾਣੀ ਵਿੱਚ ਡੁੱਬ ਗਈਆਂ। ਡੀਟੀਸੀ ਦੀਆਂ ਬੱਸਾਂ ਲਈ ਸਫ਼ਰ ਤੈਅ ਕਰਨ ਵਿੱਚ ਮੁਸ਼ਕਲ ਹੋਈ ਤੇ ਆਪਣੀਆਂ ਮੰਜ਼ਿਲਾਂ ਉਪਰ ਦੇਰੀ ਨਾਲ ਤੁਰੀਆਂ। ਤਾਜ ਹੋਟਲ ਕੋਲ ਤੇ ਬਹਾਰੀ ਦਿੱਲੀ ਦੇ ਇਲਾਕਿਆਂ ਵਿੱਚ ਕਈ ਬੱਸਾਂ ਖਰਾਬ ਹੋਈਆਂ। ਧੌਲਾ ਕੂੰਆਂ ਨੇੜੇ ਮਕੈਨਿਕਾਂ ਵਾਲੀ ਬੱਸ ਦਾ ਇੰਜਣ ਜਵਾਬ ਦੇ ਗਿਆ। ਦਿੱਲੀ ਟਰੈਫ਼ਿਕ ਪੁਲੀਸ ਮੁਤਾਬਕ ਸਵਾ ਦਰਜਨ ਤੋਂ ਵੱਧ ਥਾਵਾਂ ਉਪਰ ਪਾਣੀ ਭਰਨ ਕਾਰਨ ਆਵਾਜਾਈ ਉੱਪਰ ਗੰਭੀਰ ਅਸਰ ਪਿਆ। ਥਾਂ-ਥਾਂ ਟਰੈਫਿਕ ਪੁਲੀਸ ਵੱਲੋਂ ਇੰਤਜ਼ਾਮ ਕਰ ਕੇ ਆਵਾਜਾਈ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਆਈਟੀਓ ਦੀਆਂ ਸੜਕਾਂ ਉਪਰ ਲੰਬਾ ਜਾਮ ਲੱਗਾ। ਪੁਲ ਪ੍ਰਹਿਲਾਦਪੁਰ, ਮੋਤੀ ਬਾਗ਼ ਫਲਾਈਓਵਰ, ਪਾਲਮ ਪੁਲ, ਛੱਤਾ ਰੇਲ, ਬਤਰਾ ਹਸਪਤਾਲ, ਸੰਗਮ ਵਿਹਾਰ ਦੇ ਬੀਆਰਟੀ ਕਾਰੀਡੋਰ, ਬਦਰਪੁਰ ਬਾਰਡਰ, ਭੇਰੋਂ ਰੋਡ ਦੇ ਦੋਨੋਂ ਪਾਸੇ, ਆਸ਼ਰਮ ਚੌਕ ਦੇ ਇਲਾਕੇ, ਪੁਰਾਣਾ ਕਿਲਾ ਰੋਡ, ਚੰਦਗੀ ਰਾਮ ਅਖਾੜਾ, ਓਖਲਾ ਮੰਡੀ, ਤਿਮਾਰਪੁਰ ਰੋਡ, ਖੇਬਰ ਪਾਸ ਤੇ ਗੁਰੂ ਨਾਨਕ ਚੌਕ ਸਮੇਤ ਹੋਰ ਥਾਵਾਂ ਉਪਰ ਆਵਾਜਾਈ ਉਪਰ ਬੁਰਾ ਅਸਰ ਪਿਆ। ਸਾਕੇਤ ਇਲਾਕੇ ਵਿੱਚ ਕਈ ਗੱਡੀਆਂ ਨੁਕਸਾਨੀਆਂ ਗਈਆਂ। ਵਸੰਤ ਕੁੰਜ ਵਿਖੇ ਵੀ ਜਾਮ ਵਾਲੀ ਹਾਲਤ ਬਣੀ। ਅਪਸਰਾ ਰੋਡ, ਐਮਬੀ ਰੋਡ, ਮੁਨਿਰਕਾ ਮੈਟਰੋ ਸਟੇਸ਼ਨ ਨੇੜੇ, ਸਿਵਲ ਲਾਈਨਜ਼ ਤੋਂ ਮਾਲ ਰੋਡ, ਪੰਜਾਬੀ ਬਾਗ਼, ਅਨੁਵਰਤ ਰੋਡ ਤੇ ਲੋਨੀ ਗੋਲ ਚੱਕਰ ਵਿਖੇ ਜਾਮ ਲੱਗਾ ਰਿਹਾ। ਮੌਸਮ ਮਹਿਕਮੇ ਮੁਤਾਬਕ ਸਫ਼ਦਰਜੰਗ ਮੌਸਮ ਕੇਂਦਰ ਵਿਖੇ 7.4 ਮਿਲੀਮੀਟਰ ਸਵੇਰੇ ਦਰਜ ਕੀਤਾ ਗਿਆ। ਲੋਧੀ ਰੋਡ, ਰਿਜ ਤੇ ਆਇਆ ਨਗਰ ਵਿਖੇ ਕ੍ਰਮਵਾਰ 9.2, 8.2 ਤੇ 2.8 ਮਿਲੀਮੀਟਰ ਮੀਂਹ ਮਾਪਿਆ ਗਿਆ।
ਮੀਂਹ ਦੌਰਾਨ ਜਿੱਥੇ ਆਮ ਹੀ ਪਾਣੀ ਭਰ ਜਾਂਦਾ ਰਿਹਾ ਹੈ ਉਸ ਮਿੰਟੋ ਬ੍ਰਿੱਜ ਹੇਠਾਂ ਇਸ ਭਰਵੇਂ ਮੀਂਹ ਕਾਰਨ ਪਾਣੀ ਨਹੀਂ ਭਰਿਆ ਤੇ ਆਮ ਵਾਂਗ ਆਵਾਜਾਈ ਹੋਈ। ਬੀਤੇ ਦਿਨੀਂ ਇੱਥੇ ਇਕ ਆਟੋ ਚਾਲਕ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋਣ ਮਗਰੋਂ ਦਿੱਲੀ ਸਰਕਾਰ ਤੇ ਐੱਨਡੀਐਮਸੀ ਜਾਗੀ ਅਤੇ ਜਲ ਨਿਕਾਸੀ ਦੇ ਪ੍ਰਬੰਧ ਕੀਤੇ ਗਏ ਸਨ। ਹੁਣ ਇੱਥੇ ਪਾਣੀ ਨਾ ਭਰੇ ਇਸ ਦੇ ਪ੍ਰਬੰਧ ਦਿੱਲੀ ਜਲ ਬੋਰਡ ਵੱਲੋਂ ਕੀਤੇ ਗਏ ਹਨ। ਰੇਲਵੇ ਲਾਈਨ ਹੇਠਾਂ ਇਸ ਪੁੱਲ ਵਿਖੇ ਪਾਣੀ ਕਈ ਦਹਾਕਿਆਂ ਤੋਂ ਭਰਦਾ ਆਇਆ ਹੈ। ਇਹ ਰਾਹ ਪੁਰਾਣੀ ਦਿੱਲੀ ਦੇ ਇਕ ਹਿੱਸੇ ਨੂੰ ਕਨਾਟ ਪਲੈਸ ਨਾਲ ਜੋੜਦਾ ਹੋਣ ਕਰ ਕੇ ਅਤੇ ਰੇਲਵੇ ਸਟੇਸ਼ਨ ਨਵੀਂ ਦਿੱਲੀ ਨੂੰ ਸੜਕ ਹੋਣ ਕਰਕੇ ਅਹਿਮ ਮਾਰਗ ਹੈ।
ਐੱਨਸੀਆਰ ’ਚ ਨੀਵੇਂ ਇਲਾਕੇ ਡੁੱਬੇ
ਫਰੀਦਾਬਾਦ (ਕੁਲਵਿੰਦਰ ਕੌਰ) ਅੱਜ ਪਏ ਭਰਵੇਂ ਮੀਂਹ ਕਾਰਨ ਇਲਾਕੇ ਦੇ ਨੀਵੇਂ ਹਿੱਸੇ ਪਾਣੀ ਵਿੱਚ ਡੁੱਬ ਗਏ ਤੇ ਕਈ ਕਲੋਨੀਆਂ ਦੇ ਘਰਾਂ ਵਿੱਚ ਪਾਣੀ ਭਰ ਗਿਆ। ਐੱਨਆਈਟੀ, ਡਬੂਆ ਕਲੋਨੀ, ਜਵਹਾਰ ਕਲੋਨੀ, ਸੈਕਟਰ 9-10 ਵੰਡਦੀ ਸੜਕ, ਐੱਨਆਈਟੀ ਦੇ 1,2,3 ਤੇ ਆਦਰਸ਼ ਨਗਰ ਵਰਗੇ ਇਲਾਕੇ ਪਾਣੀ ਨਾਲ ਭਰ ਗਏ। ਬਾਟਾ ਚੌਕ, ਪੰਜਾਬੀ ਕਲੋਨੀ ਰੋਡ, ਸਨਅਤੀ ਸੈਕਟਰਾਂ ਦੀਆਂ ਕਈ ਸੜਕਾਂ ਜਲ-ਮਗਨ ਹੋ ਗਈਆਂ। ਨੀਲਮ ਚੌਕ, ਅਜਰੋਂਦਾ ਚੌਕ, ਬਾਟਾ ਚੌਕ, ਸੈਕਟਰ 21, ਰੇਲਵੇ ਅੰਡਰ ਪਾਸ, ਸੈਕਟਰ 14 ਤੇ 15 ਵਿਖੇ ਵੀ ਪਾਣੀ ਭਰਨ ਦੀਆਂ ਸ਼ਿਕਾਇਤਾਂ ਆਈਆਂ। ਇਸੇ ਤਰ੍ਹਾਂ ਗੁਰੂਗ੍ਰਾਮ ਦੇ ਗੋਲਫ ਕੋਰਸ ਰੋਡ, ਕੌਮੀਸ਼ਾਹ ਰਾਹ 8 ਦੇ ਨਰਸਿੰਘਪੁਰ ਤੇ ਸਾਈਬਰ ਪਾਰਕ ਤੇ ਹੋਰ ਸੜਕਾਂ ਉਪਰ ਪਾਣੀ ਭਰਨ ਨਾਲ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ-ਗੁਰੂਗਰਾਮ ਐਕਸਪ੍ਰੈੱਸ ਵੇਅ ’ਤੇ ਪਾਣੀ ਵਿੱਚ ਕਾਰਾਂ ਅੱਧ ਤੋਂ ਵੱਧ ਡੁੱਡ ਗਈਆਂ ਅਤੇ ਕਈ ਕਲੋਨੀਆਂ ਵਿੱਚ ਵੀ ਪਾਣੀ ਭਰਿਆ।
ਕੰਧ ਡਿੱਗਣ ਕਾਰਨ ਕਾਰਾਂ ਦਾ ਨੁਕਸਾਨ
ਦੱਖਣੀ ਦਿੱਲੀ ਦੇ ਸਾਕੇਤ ਇਲਾਕੇ ਵਿੱਚ ਇਕ ਕੰਧ ਡਿੱਗਣ ਕਾਰਨ 7 ਕਾਰਾਂ ਨੁਕਸਾਨੀਆਂ ਗਈਆਂ ਜੋ ਇਸ ਕੰਧ ਦੇ ਨਾਲ ਖੜ੍ਹੀਆਂ ਕੀਤੀਆਂ ਹੋਈਆਂ ਸਨ। ਇਹ ਕੰਧ ਏਪੀਜੀ ਸਕੂਲ ਦੀ ਸੀ ਜੋ ਮੀਂਹ ਕਾਰਨ ਡਿੱਗ ਗਈ ਤੇ ਕਾਰਾਂ ਹੇਠਾਂ ਆ ਕੇ ਚਿੱਬੀਆਂ ਹੋ ਗਈਆਂ। ਕਾਰ ਮਾਲਕਾਂ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਸਕੂਲ ਦੀ ਲਾਪ੍ਰਵਾਹੀ ਕਾਰਨ ਇਹ ਨੁਕਸਾਨ ਉਨ੍ਹਾਂ ਦਾ ਹੋਇਆ ਹੈ।
ਵਿਧਾਇਕ ਵੱਲੋਂ ਪੁਲ ਹੇਠਾਂ ਖੜ੍ਹੇ ਪਾਣੀ ਦਾ ਜਾਇਜ਼ਾ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਇਥੋਂ ਦੇ ਲਾਡਵਾ ਚੌਂਕ ਪੁਲ ਹੇਠ ਬਰਸਾਤੀ ਪਾਣੀ ਜਮ੍ਹਾਂ ਹੋ ਜਾਂਦਾ ਹੈ, ਜਿਸ ਕਾਰਨ ਕਿਸੇ ਨਾ ਕਿਸੇ ਹਾਦਸੇ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਜਮ੍ਹਾਂ ਹੋਏ ਪਾਣੀ ਦਾ ਜਾਇਜ਼ਾ ਲੈਂਦਿਆਂ ਇਥੋਂ ਦੇ ਵਿਧਾਇਕ ਰਾਮ ਕਰਨ ਕਾਲਾ ਨੇ ਕਿਹਾ ਹੈ ਕਿ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਖ਼ਰਾਬ ਹੋਏ ਵਾਹਨਾਂ ਦਾ ਕਲੇਮ ਨੋਟਿਸ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦੇ ਹੱਲ ਲਈ ਐੱਨਐੱਚਏਆਈ ਅਧਿਕਾਰੀਆਂ ਨੇ ਹਫ਼ਤੇ ਵਿੱਚ ਕੋਈ ਕਦਮ ਨਹੀਂ ਚੁੱਕਿਆ ਤਾਂ ਉਹ ਨਗਰ ਨਿਗਮ ਦੇ ਸਹਿਯੋਗ ਨਾਲ ਕੰਮ ਸ਼ੁਰੂ ਕਰ ਦੇਣਗੇ।