ਰਾਜਧਾਨੀ ’ਚ ਬਿਜਲੀ ਕੱਟਾਂ ਕਾਰਨ ‘ਆਪ’ ਨੇ ਭਾਜਪਾ ਨੂੰ ਘੇਰਿਆ
ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਵਿੱਚ ਜਿਵੇਂ-ਜਿਵੇਂ ਗਰਮੀ ਵਧ ਰਹੀ ਹੈ, ਬਿਜਲੀ ਦੇ ਕੱਟ ਵੀ ਵਧਦੇ ਜਾ ਰਹੇ ਹਨ। ਦਿੱਲੀ ਵਿੱਚ ਪਾਰਾ ਵਧਣ ਕਾਰਨ ਕਈ ਇਲਾਕੇ ਰਾਤ ਨੂੰ ਘੰਟਿਆਂ ਬੱਧੀ ਬਿਜਲੀ ਤੋਂ ਵਾਂਝੇ ਰਹੇ। ਲੋਕ ਬਹੁਤ ਪ੍ਰੇਸ਼ਾਨ ਸਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਘੰਟਿਆਂ ਤੱਕ ਬਿਜਲੀ ਕੱਟਾਂ ਦੀਆਂ ਸ਼ਿਕਾਇਤਾਂ ਨਾਲ ਭਰਿਆ ਹੋਇਆ ਹੈ। ਦਿੱਲੀ ਦੇ ਲੋਕ ਆਪਣੀਆਂ ਸ਼ਿਕਾਇਤਾਂ ‘ਚ ਇਹ ਕਹਿੰਦੇ ਨਜ਼ਰ ਆਏ ਕਿ ‘ਆਪ’ ਸਰਕਾਰ ਵੇਲੇ ਕਦੇ ਬਿਜਲੀ ਕੱਟ ਨਹੀਂ ਲੱਗੇ ਸਨ ਪਰ ਹੁਣ ਭਾਜਪਾ ਦੀ ਸਰਕਾਰ ਵਿੱਚ ਹਰ ਰੋਜ਼ ਘੰਟਿਆਂਬੱਧੀ ਬਿਜਲੀ ਕੱਟ ਲੱਗ ਰਹੇ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਦਰਜਨਾਂ ਸ਼ਿਕਾਇਤਾਂ ਨੂੰ ਰੀਟਵੀਟ ਕੀਤਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਦੋਂ ਤੋਂ ਦਿੱਲੀ ਵਿੱਚ ਭਾਜਪਾ ਦੀ ‘ਬਿਪਤਾ’ ਸਰਕਾਰ ਸੱਤਾ ਵਿੱਚ ਆਈ ਹੈ, ਬਿਜਲੀ ਕੱਟਾਂ ਦਾ 10 ਸਾਲ ਪੁਰਾਣਾ ਦੌਰ ਵਾਪਸ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵਿੱਟਰ ‘ਤੇ ਕਿਹਾ ਕਿ ਬੁੱਧਵਾਰ ਨੂੰ ਦਿੱਲੀ ‘ਚ ਸਭ ਤੋਂ ਵੱਧ ਮੰਗ 5,462 ਮੈਗਾਵਾਟ ਸੀ। ਇੰਨਾ ਹੀ ਨਹੀਂ ਬੁੱਧਵਾਰ ਰਾਤ ਨੂੰ ਦਿੱਲੀ ਭਰ ‘ਚ ਕਈ ਥਾਵਾਂ ‘ਤੇ ਕਈ ਘੰਟੇ ਬਿਜਲੀ ਨਹੀਂ ਰਹੀ। ਪਿਛਲੇ ਸਾਲ ਸਿਖ਼ਰ ਦੀ ਮੰਗ ਲਗਪਗ 8,500 ਮੈਗਾਵਾਟ ਤੱਕ ਪਹੁੰਚ ਗਈ ਸੀ। ਫਿਰ ਵੀ ਸਾਡੀ ਸਰਕਾਰ ਵੇਲੇ ਦਿੱਲੀ ਵਿੱਚ ਕਿਤੇ ਵੀ ਬਿਜਲੀ ਦੀ ਸਪਲਾਈ ਬੰਦ ਨਹੀਂ ਹੋਈ। ਜ਼ਿਕਰਯੋਗ ਹੈ ਕਿ ਰੋਹਿਣੀ ਸੈਕਟਰ 16, ਦਸਘਾਰਾ ਪਿੰਡ, ਹਰੀ ਨਗਰ ਦੇ ਜਨਕ ਪਾਰਕ, ਪਤਪੜਗੰਜ, ਛਤਰਪੁਰ, ਰਾਜੌਰੀ ਗਾਰਡਨ, ਸੰਗਮ ਵਿਹਾਰ ਸਣੇ ਕਈ ਇਲਾਕਿਆਂ ਵਿੱਚ ਬਿਜਲੀ ਘੰਟਿਆਂਬੱਧੀ ਬੰਦ ਰਹੀ।