ਮਾਂ ਬੋਲੀ ਤੇ ਗੁਰਮਤਿ ਦੇ ਪ੍ਰਚਾਰ ਲਈ ਜੋੜੇ ਦਾ ਸਨਮਾਨ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਦੀ ਪ੍ਰਮੁੱਖ ਸੰਸਥਾ ਵਿਰਾਸਤ ਸਿੱਖਇਜ਼ਮ ਟਰੱਸਟ ਵੱਲੋਂ ਵਿਸਾਖੀ ਨੂੰ ਮੁੱਖ ਰੱਖਦੇ ਹੋਏ ਨਿਸ਼ਕਾਮ ਸੇਵਾ ਭਾਵਨਾ ਨਾਲ ਮਾਂ ਬੋਲੀ ਪੰਜਾਬੀ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਅਲਵਰ ਵਾਸੀ ਬੀਬੀ ਪਿੰਕੀ ਕੌਰ ਅਤੇ ਉਨ੍ਹਾਂ ਦੇ ਪਤੀ ਸਤਵੰਤ ਸਿੰਘ ਛਾਬੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ ਨੇ ਦੱਸਿਆ ਕਿ ਸਿੱਖ ਅਤੇ ਗੈਰ ਸਿੱਖ ਪਰਿਵਾਰਾਂ ਨੂੰ ਮਾਂ ਬੋਲੀ ਅਤੇ ਗੁਰਮਤਿ ਨਾਲ ਜੋੜਨ ਵਾਲੇ ਇਹ ਪਤੀ-ਪਤਨੀ ਆਪਣੀ ਹੱਟੀ ਚਲਾਉਣ ਵਾਲੀ ਕਿਰਤ ਕਰਦੇ ਹੋਏ ਬੱਚਿਆਂ ਨੂੰ ਨਿਸ਼ਕਾਮ ਭਾਵ ਨਾਲ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਹਨ। ਟਰੱਸਟ ਦੇ ਅੰਤਰਿਮ ਮੈਂਬਰ ਅਵਤਾਰ ਸਿੰਘ ਨੇ ਸਤਵੰਤ ਸਿੰਘ ਛਾਬੜਾ ਨੂੰ ਸਨਮਾਨ ਚਿੰਨ੍ਹ ਅਤੇ ਬੀਬੀ ਪਰਮਜੀਤ ਕੌਰ ਨੇ ਬੀਬੀ ਪਿੰਕੀ ਕੌਰ ਨੂੰ ਕਿਤਾਬਚਾ ਦੇ ਕੇ ਸਨਮਾਨਿਤ ਕੀਤਾ। ਟਰੱਸਟ ਦੇ ਅੰਤਰਿਮ ਮੈਂਬਰ ਮਜਿੰਦਰ ਕੌਰ ਨੇ ਪੰਜਾਬੀ ਦੇ ਕਾਇਦੇ, ਕਿਤਾਬਾਂ ਅਤੇ ਕਾਪੀਆਂ ਦੇ ਕੇ ਸਨਮਾਨਿਤ ਕੀਤਾ।
ਅਵਤਾਰ ਸਿੰਘ ਨੇ ਦੱਸਿਆ ਕਿ ਛੇਤੀ ਹੀ ਟਰੱਸਟ ਦੀ ਟੀਮ ਅਲਵਰ ਸ਼ਹਿਰ ਦੇ ਬੱਚਿਆਂ ਦੀ ਗੁਰਮਤਿ ਪ੍ਰੀਖਿਆ ਕਰਵਾਉਣ ਅਤੇ ਪ੍ਰੀਖਿਆ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰੇਗੀ। ਬੀਬੀ ਪਿੰਕੀ ਕੌਰ ਅਤੇ ਸਤਵੰਤ ਸਿੰਘ ਛਾਬੜਾ ਨੇ ਟਰੱਸਟ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਡੇ ਲਈ ਮਾਣ ਦੀ ਗੱਲ ਹੈ ਕਿ ਦਿੱਲੀ ਤੋਂ ਆਈ ਟਰੱਸਟ ਦੀ ਟੀਮ ਨੇ ਸਾਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਹੈ।