ਹਰਿਆਣਵੀ ਪੰਜਾਬੀ ਕਵੀਆਂ ਦੇ ਅੰਗ ਸੰਗ ਕਵੀ ਦਰਬਾਰ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 4 ਮਈ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਦੀ ਅਗਵਾਈ ਹੇਠ ਪੰਜਾਬੀ ਸਾਹਿਤ ਸਭਾ ,ਪੰਜਾਬੀ ਵਿਭਾਗ ਤੇ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸੰਘ ਵੱਲੋਂ ਸਾਂਝੇ ਤੌਰ ’ਤੇ ਯੂਨੀਵਰਸਿਟੀ ਦੇ ਫੈਕਲਟੀ ਲੌਂਜ ਵਿੱਚ ਹਰਿਆਣਵੀ ਪੰਜਾਬੀ ਕਵੀਆਂ ਦੇ ਅੰਗ ਸੰਗ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿਚ ਬਤੌਰ ਮੁੱਖ ਮਹਿਮਾਨ ਪ੍ਰੋ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਭਾਸ਼ਾ ਤੇ ਕਲਾ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਕਿਹਾ ਕਿ ਪੰਜਾਬੀ ਕਵਿਤਾ ਮਨੁੱਖੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸ਼ਕਤੀਸ਼ਾਲੀ ਮਾਧਿਅਮ ਹੈ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕੀਤੀ। ਹਰਿਆਣਾ ਪੰਜਾਬੀ ਲੇਖਕ ਸੰਘ ਦੇ ਪ੍ਰਧਾਨ ਸੁਦਰਸ਼ਨ ਗਾਸੋ ਨੇ ਹਰਿਆਣਾ ਵਿਚ ਸਾਹਿਤਕ ਖੇਤਰ ਵਿਚ ਪੰਜਾਬੀ ਦੀ ਸਥਾਪਨਾ ਬਾਰੇ ਗੱਲ ਕੀਤੀ। ਮਗਰੋਂ ਹਰਿਆਣਾ ਪੰਜਾਬੀ ਸਾਹਿਤ ਦੀਆਂ ਤਿੰਨ ਕਿਤਾਬਾਂ ‘ਮਿੱਟੀ ਬੋਲ ਪਈ’, ‘ਬਾਲ ਨਾਟਕ ਸੰਗ੍ਰਹਿ’ ਮਨਜੀਤ ਕੌਰ ਅੰਬਾਲਵੀ, ‘ਬੈਠਾ ਸੋਢੀ ਪਾਤਸ਼ਾਹ’ ,ਮਹਾਂ ਕਾਵਿ ਗੁਰਦਿਆਲ ਸਿੰਘ ਨਿਮਰ ਤੇ ਅੰਤਰ ਯੁੱਧ ਕਾਵਿ ਸੰਗ੍ਰਹਿ ਡਾ. ਬਲਵਾਨ ਔਜਲਾ ਆਦਿ ਪੰਜਾਬੀ ਸਾਹਿਤ ਖੇਤਰ ਦੀਆਂ ਨਵੀਆਂ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਕਵੀ ਦਰਬਾਰ ਵਿਚ ਕਵੀ ਗੁਰਦਿੱਤ ਸਿੰਘ ਨੇ ਇਕ ਜੁਝਾਰੂ ਇਨਕਲਾਬੀ ਸੁਰ ਵਿੱਚ ਕਵਿਤਾ ਸੁਣਾਈ। ਬਲਜੀਤ ਸਿੰਘ ਨੇ ਭਾਰਤੀ ਰੂੜ੍ਹੀਵਾਦੀ ਜਮਾਤੀ ਪਰੰਪਰਾ ਤੇ ਹਾਸ਼ੀਏ ਤੇ ਧੱਕੇ ਗਈ ਲੋਕਾਂ ਦੀ ਤ੍ਰਾਸਦੀ ਨੂੰ ਮੱਧਮ ਸੁਰ ਵਿਚ ਕਵਿਤਾ ਰਾਹੀਂ ਪ੍ਰਗਟ ਕੀਤਾ। ਕਵੀ ਡਾ. ਬਲਵਾਨ ਔਜਲਾ ਨੇ ਪੁਆਧੀ ਭਾਸ਼ਾ ਵਿਚ ਆਪਣੀ ਕਾਵਿਕ ਕਵਿਤਾ ਪੇਸ਼ ਕੀਤੀ। ਸੂਬੇਦਾਰ ਰਾਠੌਰ ਨੇ ਸਿੱਖਿਆ ਪ੍ਰਤੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਕਵਿਤਾ ਰਾਹੀਂ ਅੱਜ ਦੇ ਸਮਾਜ ਵਿਚ ਹੋ ਰਹੀਆਂ ਤਬਦੀਲੀਆਂ ਨੂੰ ਉਜਾਗਰ ਕੀਤਾ। ਕਵੀ ਤਰਲੋਚਨ ਮੀਰ ਨੇ ਖੁੱਲ੍ਹੀ ਕਵਿਤਾ ਕਟਲ ਰਾਹੀਂ ਮਨੁੱਖ ਦੇ ਅੰਦਰੂਨੀ ਤੇ ਬਾਹਰੀ ਵਿਕਾਸ ਨੂੰ ਵੱਖ ਕਰਨ ਨਾਲ ਪੈਦਾ ਹੋਏ ਫਰਕ ਨੂੰ ਪ੍ਰਗਟ ਕੀਤਾ। ਕਵਿੱਤਰੀ ਗੁਰਪ੍ਰੀਤ ਕੌਰ ਨੇ ਤਰੁੰਨਮ ਵਿਚ ਰੁਮਾਂਟਿਕ ਗੀਤ ਪੇਸ਼ ਕੀਤਾ। ਡਾ. ਤਿਲਕ ਰਾਜ ਨੇ ਪਿਆਰ ਦੇ ਦਰਸ਼ਨ ਨੂੰ ਕਵਿਤਾ ਦਾ ਵਿਸ਼ਾ ਬਣਾਇਆ। ਗੁਰਚਰਨ ਜੋਗੀ ਨੇ ਕਵਿਤਾ ਰਾਹੀਂ ਸਮਾਜਿਕ ਮੁੁੱਦਿਆਂ ਨੂੰ ਨਵੇਂ ਢੰਗ ਨਾਲ ਪੇਸ਼ ਕੀਤਾ। ਦੇਵਿੰਦਰ ਬੀਬੀ ਪੁਰੀਆ ਨੇ ਗਜਲ ਰਾਹੀਂ ਰਿਸ਼ਤਿਆਂ ਦੇ ਟੁੱਟਣ ਬਾਰੇ ਦੱਸਿਆ। ਮਨਜੀਤ ਕੌਰ ਅੰਬਾਲਵੀ ਨੇ ਜੰਗਾਂ ਦੇ ਭਾਰੀ ਬੋਝ ਤੋਂ ਬਾਹਰ ਨਿਕਲਦੇ ਹੋਏ ਬਹੁਤ ਹੀ ਸੁਚੱਜੇ ਢੰਗ ਨਾਲ ਸ਼ਾਂਤੀ ਬਾਰੇ ਗੱਲ ਕੀਤੀ। ਡਾ. ਰਤਨ ਸਿੰਘ ਢਿੱਲੋਂ ਨੇ ਭਰਮ, ਪਖੰਡ ਤੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਝੁਕਾਅ ਨੂੰ ਚਿੰਤਾਜਨਕ ਢੰਗ ਨਾਲ ਪੇਸ਼ ਕੀਤਾ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਕਲਾ ਤੇ ਭਾਸ਼ਾਵਾਂ ਦੇ ਫੈਕਲਟੀ ਡੀਨ ਪ੍ਰੋ. ਪੁਸ਼ਪਾ ਰਾਣੀ ਨੇ ਨਾਰੀਵਾਦੀ ਦ੍ਰਿਸ਼ਟੀਕੋਣ ਤੋਂ ਸੱਚੇ ਪਿਆਰ ਦੇ ਨਾਂ ’ਤੇ ਪੈਦਾ ਕੀਤੇ ਗਏ ਝੂਠੇ ਧੋਖੇ ਦਾ ਪਰਦਾਫਾਸ਼ ਕੀਤਾ। ਰਬਿੰਦਰ ਮਸਰੂਰ ਨੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਹਰਿਆਣਾ ਕੇਂਦਰੀ ਲੋਖਕ ਸਭਾ ਦੇ ਪ੍ਰਧਾਨ ਡਾ. ਹਰਸਿਮਰਨ ਸਿੰਘ ਰੰਧਾਵਾ ਨੇ ਸਭ ਦਾ ਧੰਨਵਾਦ ਕੀਤਾ।