ਉਪ ਕੁਲਪਤੀ ਵੱਲੋਂ ਸਾਈਕਲ ਨੂੰ ਹਰੀ ਝੰਡੀ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਮਈ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਵਿਭਾਗ ਵੱਲੋਂ ਫਿੱਟ ਇੰਡੀਆ ਸਾਈਕਲ ਮੁਹਿੰਮ ਦੇ ਤਹਿਤ ਸਾਰੇ ਅਧਿਆਪਨ ਵਿਭਾਗਾਂ ਦੇ ਵਾਲੰਟੀਅਰਾਂ ਲਈ ਆਯੋਜਿਤ ਸਾਈਕਲ ਰੈਲੀ ਨੂੰ ਅੱਜ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਾਈਕਲ ਯਾਤਰਾ ਵਾਈਸ ਚਾਂਸਲਰ ਦੇ ਨਿਵਾਸ ਤੋਂ ਸ਼ੁਰੂ ਹੋ ਕੇ ਯੂਨੀਵਰਸਿਟੀ ਬਾਜ਼ਾਰ ਵਿੱਚੋਂ ਲੰਘਦੀ ਹੋਈ ਡੀਨ ਆਫ ਸਟੂਡੈਂਟਸ ਵੈਲਫੇਅਰ ਦਫਤਰ ਵਿੱਚ ਸਮਾਪਤ ਹੋਈ। ਇਸ ਤੋਂ ਪਹਿਲਾਂ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੰਦਰੁਸਤੀ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਮਾਨਸਿਕ ਤੇ ਸਰੀਰਕ ਤੰਦਰੁਸਤੀ ਸਾਡੀ ਅਸਲ ਸੰਪਤੀ ਹਨ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨੂੰ ਦੇਖ ਕੇ ਬਹੁਤ ਵਧੀਆ ਲੱਗਦਾ ਹੈ, ਜਿਥੇ ਲੋਕ ਸਾਈਕਲ ਚਲਾਉਣ ਲਈ ਇੱਕਠੇ ਹੋ ਰਹੇ ਹਨ ਤੇ ਆਮ ਤੌਰ ’ਤੇ ਬਿਹਤਰ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ। ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਸਹੁੰ ਚੁਕਾਈ। ਇਸ ਮੌਕੇ ਰਜਿਸਟਰਾਰ ਡਾ. ਵਰਿੰਦਰ ਪਾਲ, ਵਿਦਿਆਰਥੀ ਭਲਾਈ ਵਿਭਾਗ ਦੇ ਡੀਨ ਪ੍ਰੋ. ਏਆਰ ਚੌਧਰੀ, ਪ੍ਰੋ. ਦਿਨੇਸ਼ ਰਾਣਾ, ਪ੍ਰੋ. ਅਮਿਤ ਲੁਦਰੀ, ਪ੍ਰੋ. ਸੁਸ਼ੀਲਾ ਚੌਹਾਨ, ਪ੍ਰੋ. ਜਸਬੀਰ ਢਾਂਡਾ, ਪ੍ਰੋ. ਚੰਦਰਕਾਂਤ, ਪ੍ਰੋ. ਦੀਪਕ ਰਾਏ ਬੱਬਰ, ਡਾ. ਅਨੰਦ ਕੁਮਾਰ, ਡਾ. ਸੁਖਵਿੰਦਰ ਸਿੰਘ, ਚਾਂਸਲਰ ਦੇ ਓਐੱਸਡੀ ਪਵਨ ਰੋਹਿਲਾ ਮੌਜੂਦ ਸਨ।