ਪੰਜਾਬੀ ਵਿਭਾਗ ਵਿੱਚ ਪੁਸਤਕ ‘ਪੰਜਾਬ ਅਤੇ ਪਰਵਾਸ’ ਉੱਤੇ ਚਰਚਾ
ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਸਾਹਿਤ ਸੰਵਾਦ ਲੜੀ ਤਹਿਤ ‘ਪੰਜਾਬ ਅਤੇ ਪਰਵਾਸ’ ਕਿਤਾਬ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਕੈਨੇਡਾ ਵਾਸੀ ਪਰਵਾਸੀ ਪੰਜਾਬੀ ਲੇਖਿਕਾ ਸੁਰਜੀਤ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਪ੍ਰੋਗਰਾਮ ਦੇ ਸ਼ੁਰੂ ਵਿੱਚ ਸਮਾਗਮ ਦੇ ਕੋਆਰਡੀਨੇਟਰ ਡਾ. ਰੰਜੂ ਬਾਲਾ ਨੇ ਗੁਰਪ੍ਰੀਤ ਸਿੰਘ ਤੂਰ, ਅਮਰਜੀਤ ਸਿੰਘ ਭੁੱਲਰ ਤੇ ਬਲਵੰਤ ਸਿੰਘ ਸੰਧੂ ਵੱਲੋਂ ਸੰਪਾਦਿਤ ਪੁਸਤਕ ‘ਪੰਜਾਬ ਅਤੇ ਪਰਵਾਸ’ ਨਾਲ ਜਾਣ-ਪਛਾਣ ਕਰਵਾਈ। ਮੁਖੀ ਪੰਜਾਬੀ ਵਿਭਾਗ ਪ੍ਰੋ. ਕੁਲਵੀਰ ਗੋਜਰਾ ਨੇ ਕਿਹਾ ਕਿ 17 ਅਪਰੈਲ ਨੂੰ ਫ਼ੋਟੋਗ੍ਰਾਫ਼ੀ ਤੇ ਵੀਡੀਓਗ੍ਰਾਫ਼ੀ ਬਾਰੇ ਵਰਕਸ਼ਾਪ ਕਰਵਾਈ ਜਾਏਗੀ। ਸਮਾਗਮ ਦੇ ਪਹਿਲੇ ਹਿੱਸੇ ਵਿੱਚ ‘ਪੰਜਾਬ ਅਤੇ ਪਰਵਾਸ’ ਬਾਰੇ ਪੰਜ ਖੋਜਾਰਥੀਆਂ ਨੇ ਖੋਜ-ਪੱਤਰ ਪੇਸ਼ ਕੀਤੇ। ਪਰਵਿੰਦਰ ਸਿੰਘ ਨੇ ਖੋਜ-ਪੱਤਰ ਦੌਰਾਨ ਪਰਵਾਸ ਦੇ ਇਤਿਹਾਸਕ ਕਾਰਨਾਂ, ਲੜਕੀਆਂ ਨਾਲ ਹੁੰਦੇ ਸ਼ੋਸ਼ਣ ਅਤੇ ਸਿੱਖਿਆ ਦੇ ਮਿਆਰ ਬਾਰੇ ਗੱਲਾਂ ਕੀਤੀਆਂ। ਪਵਨਦੀਪ ਕੌਰ ਨੇ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਪਰਵਾਸ ਕਾਰਨ ਪੰਜਾਬੀ ਬੰਦਾ ਸਾਰੇ ਕਾਸੇ ਤੋਂ ਟੁੱਟ ਰਿਹਾ ਤੇ ਮਜ਼ਦੂਰ ਸ਼਼੍ਰੇਣੀ ਵਿੱਚ ਬਦਲ ਰਿਹਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਖੋਜਾਰਥੀ ਗੁਰਧਿਆਨ ਸਿੰਘ ਨੇ ਆਪਣੇ ਖੋਜ-ਪੱਤਰ ਵਿੱਚ ਕਿਹਾ ਪਰਵਾਸ ਨੂੰ ਰੋਕਣ ਲਈ ਸਾਨੂੰ ਸਾਡੀ ਆਪਣੀ ਧਰਤੀ ਨੂੰ ਜਿਉਣ ਜੋਗੀ ਬਣਾਉਣਾ ਪਵੇਗਾ। ਬਲਰਾਜ ਸਿੰਘ ਨੇ ਸਿੱਖਿਆ ਪ੍ਰਣਾਲੀ ਬਾਰੇ ਆਲੋਤਚਨਾਤਕ ਨਜ਼ਰੀਏ ਤੋਂ ਗੱਲ ਕੀਤੀ। ਪਤਵਿੰਦਰ ਕੌਰ ਨੇ ਕਿਹਾ ਕਿ ਪੰਜਾਬੀਆਂ ਦੇ ਪਰਵਾਸ ਕਾਰਨ ਪੰਜਾਬ ਅੰਦਰ ਪੂਰਬੀ ਲੋਕਾਂ ਦੇ ਪਰਵਾਸ ਕਾਰਨ ਸਮੀਕਰਨਾਂ ਬਦਲ ਰਹੀਆਂ ਹਨ। ਸਮਾਗਮ ਦੇ ਦੂਜੇ ਹਿੱਸੇ ਵਿੱਚ ਲੇਖਿਕਾ ਸੁਰਜੀਤ ਦੀਆਂ ਨਵ ਪ੍ਰਕਾਸ਼ਿਤ ਪੁਸਤਕਾਂ ‘ਜ਼ਿੰਦਗੀ ਇਕ ਨੁਹਾਰ’, ‘ਟਵਿਨ ਫਲੇਮ’, ‘ਸੁਰਜੀਤ ਕਾਵਿ : ਆਤਮ ਤੋਂ ਆਲਮ ਤਕ’ ਲੋਕ ਅਰਪਣ ਕੀਤੀਆਂ ਗਈਆਂ।
ਇਸ ਮੌਕੇ ਅਮੀਆ ਕੁੰਵਰ, ਕੁਲਦੀਪ ਕੌਰ ਪਾਹਵਾ, ਰੰਜੂ ਬਾਲਾ, ਰਜਨੀ ਬਾਲਾ, ਬਲਜਿੰਦਰ ਨਸਰਾਲੀ, ਯਾਦਵਿੰਦਰ ਸਿੰਘ ਹਾਜ਼ਰ ਸਨ।